ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਜ਼ਿਲੇ ‘ਚ ਆਇਲ (ਤੇਲ) ਐਂਡ ਨੈਚੁਰਲ ਗੈਸ ਕਮਿਸ਼ਨ (ਓ.ਐੱਨ.ਜੀ.ਸੀ.) ਦੇ ਇਕ ਤੇਲ ਖੂਹ ਨੇੜੇ ਲੱਗੀ ਅੱਗ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਗੇਰਤਪੁਰ ਰੇਲਵੇ ਸਟੇਸ਼ਨ ਦੇ ਦੂਧੇਸ਼ਵਰ ਮਹਾਦੇਵ ਮੰਦਰ ਕੋਲ ਓ.ਐੱਨ.ਜੀ.ਸੀ. ਦੇ ਇਕ ਤੇਲ ਖੂਹ ਨੇੜੇ ਬੁੱਧਵਾਰ ਰਾਤ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਨਾਲ ਅੱਗ ਬੁਝਾਊ ਕਰਮਚਾਰੀ ਮੌਕੇ ‘ਤੇ ਪੁੱਜ ਗਏ। ਕਰੀਬ ਤਿੰਨ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਲੋਕ ਝੁਲਸ ਗਏ।
ਝੁਲਸੇ ਹੋਏ ਸਾਰੇ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਆਕਾਸ਼ ਐਕਸਪਲੋਰੇਸ਼ਨ ਸਰਵਿਸ ਨਾਮੀ ਕੰਪਨੀ ਦੇ ਠੇਕਾ ਕਰਮਚਾਰੀ ਬੁੱਧਵਾਰ ਰਾਤ ਓ.ਐੱਨ.ਜੀ.ਸੀ. ਦੇ ਇਕ ਤੇਲ ਖੂਹ ਦੀ ਮੁਰੰਮਤ ਕਰ ਰਹੇ ਸਨ। ਇਸ ਦੌਰਾਨ ਕਿਸੇ ਕਾਰਨ ਤੇਲ ਖੂਹ ਨੇੜੇ ਅਚਾਨਕ ਲੱਗੀ ਅੱਗ ‘ਚ ਚਾਂਦਖੇੜਾ ਵਾਸੀ ਠੇਕਾ ਕਰਮਚਾਰੀ ਸੰਜੇ ਸਗਵਾ (31) ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਠੇਕਾ ਕਰਮਚਾਰੀ ਗੰਭੀਰ ਰੂਪ ਨਾਲ ਝੁਲਸ ਗਏ। ਸਾਰੇ ਝੁਲਸੇ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ। ਵੀ.ਐੱਸ. ਹਸਪਤਾਲ ‘ਚ ਚਾਂਦਖੇੜਾ ਵਾਸੀ ਇਕ ਹੋਰ ਵਿਅਕਤੀ ਸ਼ਹਿਜਾਦ ਅੰਸਾਰੀ (30) ਦੀ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। ਬੁਰੀ ਤਰ੍ਹਾਂ ਝੁਲਸੇ ਤਿੰਨ ਹੋਰ ਲੋਕਾਂ ਦਾ ਵੀ.ਐੱਸ. ਹਸਪਤਾਲ ‘ਚ ਅਤੇ ਇਕ ਹੋਰ ਵਿਅਕਤੀ ਦਾ ਐੱਲ.ਜੀ. ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ। ਮਾਮਲਾ ਦਰਜ ਕਰ ਕੇ ਪੁਲਸ ਨੇ ਜ਼ਰੂਰੀ ਕਾਰਵਾਈ ਸ਼ਰੂ ਕਰ ਦਿੱਤੀ ਹੈ।