ਨਵੀਂ ਦਿੱਲੀ – ICC ਵਿਸ਼ਵ ਕੱਪ ਦੀ ਸ਼ੁਰੂਆਤ 30 ਮਈ ਤੋਂ ਹੋ ਰਹੀ ਹੈ ਜਿਸ ਦਾ ਫ਼ਾਈਨਲ ਮੁਕਾਬਲਾ 14 ਜੁਲਾਈ ਨੂੰ ਖੇਡਿਆ ਜਾਏਗਾ। ਕਿਹੜੀ ਟੀਮ ਇਹ ਖ਼ਿਤਾਬ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ ਅਤੇ ਕਿਹੜੀ ਟੀਮ ਕਮਜ਼ੋਰ ਦਿਸਦੀ ਹੈ, ਇਸ ਬਾਰੇ ਸਾਬਕਾ ਕ੍ਰਿਕਟਰਾਂ ਦੀ ਰਾਏ ਹਰ ਰੋਜ਼ ਸਾਹਮਣੇ ਆਉਂਦੀ ਰਹਿੰਦੀ ਹੈ। ਵਿਸ਼ਵ ਕੱਪ ਦੀਆਂ ਦੋ ਮਜ਼ਬੂਤ ਟੀਮਾਂ ਜ਼ਿਆਦਾਤਰ ਭਾਰਤ-ਇੰਗਲੈਂਡ ਦੀਆਂ ਹੀ ਟੀਮਾਂ ਮੰਨੀਆਂ ਜਾ ਰਹੀਆਂ ਹਨ, ਪਰ ਵਿੰਡੀਜ਼ ਦੇ ਸਾਬਕਾ ਮਹਾਨ ਕ੍ਰਿਕਟਰ ਵਿਵ ਰਿਚਰਡਜ਼ ਦਾ ਮੰਨਣਾ ਹੈ ਕਿ ਨਿਊ ਜ਼ੀਲੈਂਡ ਟੀਮ ਵੀ ਖ਼ਿਤਾਬ ਜਿੱਤਣ ਲਈ ਮਜ਼ਬੂਤ ਦਾਅਵੇਦਾਰ ਹੈ।
ਰਿਚਰਡਜ਼ ਨੇ ਕਿਹਾ ਕਿ ਲਗਭਗ ਚਾਰ ਟੀਮਾਂ ਖ਼ਿਤਾਬ ਜਿੱਤਣ ਦੀ ਰੇਸ ‘ਚ ਹਨ, ਪਰ ਨਿਊ ਜ਼ੀਲੈਂਡ ਦੀ ਟੀਮ ਸਭ ਤੋਂ ਬਿਹਤਰ ਟੀਮ ਸਾੁਬਤ ਹੋ ਸਕਦੀ ਹੈ ਕਿਉਂਕਿ ਇਸ ਵਿੱਚ ਅਜਿਹੇ ਖਿਡਾਰੀ ਹਨ ਜੋ ਖੇਡ ਬਦਲਣ ਦੀ ਸਮਰੱਥਾ ਰੱਖਦੇ ਹਨ। ਦੱਸ ਦਈਏ ਕਿ ਰਿਚਰਡਜ਼ ਅਜੇ ਪਾਕਿਸਤਾਨ ਵਿੱਚ ਚਲ ਰਹੀ PSL T-20 ਲੀਗ ਦਾ ਮਜ਼ਾ ਲੈ ਰਿਹੈ। ਅਜਿਹੇ ‘ਚ ਉਸ ਨੇ ਪਾਕਿਸਤਾਨ ਟੀਮ ਦੇ ਵੀ ਤਾਰੀਫ਼ਾਂ ਦੇ ਪੁਲ ਬੰਨ੍ਹਣ ‘ਚ ਕੋਈ ਕਸਰ ਨਹੀਂ ਛੱਡੀ। ਰਿਚਰਡਜ਼ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਬੱਲੇਬਾਜ਼ ਆਪਣਾ ਚੰਗਾ ਖੇਡ ਦਿਖਾਉਂਦੇ ਹਨ ਤਾਂ ਉਹ ਖ਼ਿਤਾਬ ਜਿੱਤ ਸਕਦੇ ਹਨ।
ਪਾਕਿਸਤਾਨ ਦੀ ਕੀਤੀ ਤਾਰੀਫ਼
ਵਿੰਡੀਜ਼ ਦੇ ਸਾਬਕਾ ਕਪਤਾਨ ਵਿਵਿਅਨ ਰਿਚਰਡਜ਼ ਨੇ ਕਿਹਾ, ”ਪਾਕਿ ਕੋਲ ਹੁਨਰ ਹੈ। ਮੈਨੂੰ ਲਗਦਾ ਹੈ ਕਿ ਪਾਕਿਸਤਾਨ ਦੀ ਗੇਂਦਬਾਜ਼ੀ ਬਹੁਤ ਚੰਗੀ ਹੈ। ਜੇਕਰ ਬੱਲੇਬਾਜ਼ ਆਪਣੇ ਹੁਨਰ ਨੂੰ ਪਹਿਚਾਣ ਕੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਤਾਂ ਮੇਰਾ ਮੰਨਣਾ ਹੈ ਕਿ ਪਾਕਿਸਤਾਨ ਦੇ ਕੋਲ ਖ਼ਿਤਾਬ ਜਿੱਤਣ ਦਾ ਸੁਨਿਹਰਾ ਮੌਕਾ ਹੈ। ਰਿਚਰਡਜ਼ ਨੇ ਕਿਹਾ ਕਿ ਚੈਂਪੀਅਨਜ਼ ਟਰੌਫ਼ੀ ਵਿੱਚ ਪਾਕਿਸਤਾਨ ਨੇ ਜਿਸ ਤਰ੍ਹਾਂ ਮੈਚ ਜਿੱਤ ਕੇ ਖ਼ਿਤਾਬ ਜਿੱਤਿਆ ਸੀ ਉਸੇ ਤਰ੍ਹਾਂ ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨ ਕੋਲ ਖ਼ਿਤਾਬ ਜਿੱਤਣ ਦਾ ਮੌਕਾ ਹੈ। ਪਾਕਿਸਤਾਨ ਨੇ ਦੁਨੀਆ ਦੀਆਂ ਬਿਹਤਰੀਨ ਟੀਮਾਂ ਨੂੰ ਹਰਾਇਆ ਹੈ। ਅਜਿਹੇ ‘ਚ ਉਸ ਦੇ ਕੋਲ ਖ਼ਿਤਾਬ ਜਿੱਤਣ ਦਾ ਮੌਕਾ ਹੈ।
ਰਿਚਰਡਜ਼ ਦਾ ਬਿਆਨ ਸਮਝ ਤੋਂ ਬਾਹਰ
ਪਾਕਿਸਤਾਨ ਨੂੰ ਵਿਸ਼ਵ ਕੱਪ ਦਾ ਦਾਅਵੇਦਾਰ ਦੱਸਣ ਦਾ ਬਿਆਨ ਸਮਝ ਤੋਂ ਬਾਹਰ ਹੈ। ਅਜਿਹਾ ਲੱਗ ਰਿਹਾ ਹੈ ਕਿ ਉਸ ਨੇ ਪਾਕਿਸਤਾਨ ਟੀਮ ਦੀ ਤਾਰੀਫ਼ ਇਸ ਲਈ ਕੀਤੀ ਹੈ ਕਿਉਂਕਿ ਉਹ ਅਜੇ ਕਰਾਚੀ ਵਿੱਚ ਹੈ ਜਿੱਥੇ PSL ਦੀ ਟੀਮ ਕੁਏਟਾ ਗਲੈਡੀਏਟਰਜ਼ ਨਾਲ ਉਹ ਜੁੜਿਆ ਹੋਇਆ ਹੈ। ਪਾਕਿਸਤਾਨ ਇਸ ਸਮੇਂ ਖ਼ਰਾਬ ਦੌਰ ਤੋਂ ਗੁਜ਼ਰ ਰਿਹਾ ਹੈ। ਕਪਤਾਨ ਸਰਫ਼ਰਾਜ਼ ਅਹਿਮਦ ਖ਼ੁਦ ਫ਼ਲੌਪ ਚੱਲ ਰਿਹੈ। ਵਨ ਡੇ ਮੈਚਾਂ ਵਿੱਚ ਪਾਕਿਸਤਾਨ ਦਾ ਹਾਲੀਆ ਰਿਕਾਰਡ ਖ਼ਰਾਬ ਹੈ। ਉਸ ਨੂੰ ਨਿਊ ਜ਼ੀਲੈਂਡ ਖ਼ਿਲਾਫ਼ ਪਿਛਲੀ ਵਨ ਡੇ ਸੀਰੀਜ਼ ਵਿੱਚ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੀਵੀ ਖਿਲਾਫ਼ ਘਰੇਲੂ ਸੀਰੀਜ਼ ਵੀ ਡਰਾਅ ਹੋਈ ਸੀ। ਏਸ਼ੀਆ ਕੱਪ ਵਿੱਚ ਵੀ ਪਾਕਿਸਤਾਨ ਨੇ ਖ਼ਰਾਬ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤ ਹੱਥੋਂ ਦੋ ਵਾਰ ਹਾਰ ਝੱਲਣੀ ਪਈ। ਪਾਕਿਸਤਾਨ ਬੰਗਲਾਦੇਸ਼ ਹੱਥੋਂ ਹਾਰ ਕੇ ਏਸ਼ੀਆ ਕੱਪ ‘ਚੋਂ ਬਾਹਰ ਹੋਇਆ ਸੀ। ਇਸ ਲਈ ਇਹ ਟੀਮ ਵਿਸ਼ਵ ਕੱਪ ਦੀਆਂ ਸਭ ਤੋਂ ਕਮਜ਼ੋਰ ਟੀਮਾਂ ਵਿੱਚੋਂ ਇੱਕ ਹੈ।