ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਦੀ ਅਸਫ਼ਲਤਾ ਤੋਂ ਬਾਅਦ ਆਮਿਰ ਨੇ ਆਪਣੇ ਅਗਲੇ ਪ੍ਰੌਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਿਆਰੀ ਦੇ ਚਲਦਿਆਂ ਉਹ ਆਪਣੀ ਬੌਡੀ ਨੂੰ ਫ਼ਿੱਟ ਕਰਨ ਲਈ ਅਮਰੀਕਾ ਗਿਆ ਹੈ। ਆਮਿਰ ਦੀ ਖ਼ਾਸੀਅਤ ਰਹੀ ਹੈ ਕਿ ਉਹ ਆਪਣੇ ਕਿਰਦਾਰ ਦੇ ਹਿਸਾਬ ਨਾਲ ਆਪਣੇ ਸ਼ਰੀਰ ਦੀ ਦਿੱਖ ਵੀ ਉਸੇ ਤਰ੍ਹਾਂ ਦੀ ਕਰ ਲੈਂਦਾ ਹੈ। ਇਸ ਲਈ ਉਹ ਆਪਣੀ ਬੌਡੀ ਨਾਲ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕਰਦਾ ਰਹਿੰਦਾ ਹੈ। 2008 ‘ਚ ਰਿਲੀਜ਼ ਹੋਈ ਫ਼ਿਲਮ ਗਜਨੀ ਲਈ ਉਸ ਨੇ ਅੱਠ ਪੈਕਸ ਬਣਾਏ ਸਨ। ਉਸ ਤੋਂ ਬਾਅਦ ਉਸ ਨੇ ਫ਼ਿਲਮ ਦੰਗਲ ਵਿੱਚ ਪਹਿਲਵਾਨ ਮਹਾਵੀਰ ਫ਼ੋਗਾਟ ਦੇ ਕਿਰਦਾਰ ਨੂੰ ਨਿਭਾਉਣ ਲਈ ਆਪਣਾ 27 ਕਿੱਲੋ ਭਾਰ ਵਧਾ ਲਿਆ ਸੀ। ਇਸ ਫ਼ਿਲਮ ਤੋਂ ਬਾਅਦ ਕੇਵਲ ਛੇ ਮਹੀਨਿਆਂ ‘ਚ ਹੀ ਉਸ ਨੇ 25 ਕਿੱਲੋ ਭਾਰ ਘਟਾ ਵੀ ਲਿਆ ਸੀ।
ਉਸ ਨੇ ਫ਼ਿਲਮ ਧੂਮ 3 ਅਤੇ PK ਲਈ ਵੀ ਆਪਣੀ ਦਿੱਖ ‘ਚ ਤਬਦੀਲੀ ਲੈ ਆਂਦੀ ਸੀ, ਪਰ ਦੰਗਲ ਅਤੇ ਗਜਨੀ ਲਈ ਤਾਂ ਉਸ ਨੇ ਆਪਣੀ ਦਿੱਖ ‘ਚ ਕਾਫ਼ੀ ਵੱਡੀ ਤਬਦੀਲੀ ਕੀਤੀ ਸੀ। ਹੁਣ ਇੱਕ ਵਾਰ ਫ਼ਿਰ ਆਮਿਰ ਆਪਣੀ ਸ਼ਰੀਰਕ ਦਿੱਖ ‘ਚ ਤਬਦੀਲੀ ਕਰਨ ਲਈ ਨਿਕਲਿਆ ਹੈ। ਉਹ ਨਿਊ ਯੌਰਕ ‘ਚ ਮਸ਼ਹੂਰ ਫ਼ਿਟਨੈੱਸ ਕੋਚ ਜੈੱਫ਼ ਕੈਵੇਲੀਅਰ ਨੂੰ ਮਿਲਿਆ ਹੈ, ਅਤੇ ਉਸ ਨਾਲ ਕਸਰਤ ਵੀ ਕਰ ਰਿਹਾ ਹੈ। ਜੈੱਫ਼ ਨੇ ਇਸ ਤੋਂ ਪਹਿਲਾਂ ਆਮਿਰ ਦੇ ਦੰਗਲ ਵਾਲੀ ਦਿੱਖ ਦੇ ਟਰਾਂਸਫ਼ੌਰਮੇਸ਼ਨ ‘ਤੇ ਵੀਡੀਓ ਵੀ ਬਣਾਈ ਸੀ। ਇਹ ਵੀਡੀਓ ਉਨ੍ਹਾਂ ਲੋਕਾਂ ਲਈ ਬਣਾਈ ਗਈ ਸੀ ਜੋ ਆਮਿਰ ਦੀ ਇਸ ਦਿੱਖ ਨੂੰ ਨੈਚੁਰਲ ਨਹੀਂ ਸਮਝਦੇ ਸਨ। ਹੁਣ ਆਮਿਰ ਇਹ ਸਭ ਕਿਸ ਫ਼ਿਲਮ ਲਈ ਕਰ ਰਿਹਾ ਹੈ ਇਸ ਬਾਰੇ ਫ਼ਿਲਹਾਲ ਜਾਣਕਾਰੀ ਨਹੀਂ ਮਿਲੀ ਹੈ। ਵੈਸੇ ਕੁੱਝ ਸਮਾਂ ਪਹਿਲਾਂ ਇਹ ਚਰਚਾ ਸੀ ਕਿ ਉਹ ਗਜਨੀ ਦੇ ਅਗਲੇ ਭਾਗ ‘ਚ ਨਜ਼ਰ ਆਵੇਗਾ।
ਸੂਤਰਾਂ ਮੁਤਾਬਿਕ ਉਹ ਆਪਣੀ ਬੌਡੀ ਨੂੰ ਇਸੇ ਫ਼ਿਲਮ ਲਈ ਫ਼ਿੱਟ ਕਰ ਰਿਹਾ ਹੈ। ਵੈਸੇ ਉਹ ਓਸ਼ੋ ਦੀ ਬਾਇਓਪਿਕ ਵੈੱਬ ਸੀਰੀਜ਼ ਵੀ ਕਰਨ ਵਾਲਾ ਸੀ, ਪਰ ਉਸ ਵਲੋਂ ਜ਼ਿਆਦਾ ਫ਼ੀਸ ਦੀ ਮੰਗ ਨੂੰ ਦੇਖਦਿਆਂ ਨਿਰਮਾਤਾਵਾਂ ਨੇ ਇਸ ਸੀਰੀਜ਼ ਨੂੰ ਅਜੇ ਰੋਕ ਦਿੱਤਾ ਹੈ।