ਵੈਲਿੰਗਟਨ – ਸ਼ਾਰਟ ਪਿੱਚ ਗੇਂਦਾਂ ਦੇ ਮਾਹਿਰ ਨੀਲ ਵੈਗਨਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊ ਜੀਲੈਂਡ ਨੇ ਦੋ ਦਿਨ ਮੀਂਹ ਦੀ ਭੇਂਟ ਚੜ੍ਹਨ ਦੇ ਬਾਵਜੂਦ ਬੰਗਲਾਦੇਸ਼ ਨੂੰ ਦੂਜੇ ਟੈੱਸਟ ਮੈਚ ‘ਚ ਇੱਕ ਪਾਰੀ ਅਤੇ 12 ਦੌੜਾਂ ਨਾਲ ਹਰਾ ਕੇ ਇੱਕ ਮੈਚ ਪਹਿਲਾਂ ਹੀ ਤਿੰਨ ਮੈਚਾਂ ਦੀ ਸੀਰੀਜ਼ ਨੂੰ ਆਪਣੇ ਨਾਂ ਕਰ ਲਿਆ। ਮੀਂਹ ਕਾਰਨ ਪਹਿਲਾਂ ਦੋ ਦਿਨ ਖੇਡ ਨਹੀਂ ਹੋ ਪਾਇਆ ਸੀ, ਪਰ ਤਾਂ ਵੀ ਮੈਚ ਖੇਡ ਦੇ ਪੰਜਵੇਂ ਅਤੇ ਆਖ਼ਰੀ ਦਿਨ ਪਹਿਲੇ ਸੈਸ਼ਨ ‘ਚ ਹੀ ਖ਼ਤਮ ਹੋ ਗਿਆ। ਇਸ ਤਰ੍ਹਾਂ ਨਿਊ ਜ਼ੀਲੈਂਡ ਨੇ 2-0 ਨਾਲ ਸੀਰੀਜ਼ ‘ਚ ਬੜ੍ਹਤ ਬਣਾਈ ਅਤੇ ਪਹਿਲੀ ਵਾਰ ਲਗਾਤਾਰ ਪੰਜ ਸੀਰੀਜ਼ ਜਿੱਤਣ ‘ਚ ਵੀ ਕਾਮਯਾਬ ਰਹੀ।
ਨਿਊਜ਼ੀਲੈਂਡ ਨੇ ਪਹਿਲਾ ਟੈੱਸਟ ਪਾਰੀ ਅਤੇ 52 ਦੌੜਾਂ ਨਾਲ ਜਿੱਤਿਆ ਸੀ। ਵੈਗਨਰ (45 ਦੌੜਾਂ ਦੇ ਕੇ ਪੰਜ ਵਿਕਟ) ਦੇ ਬਾਊਂਸਰਾਂ ਦਾ ਬੰਗਲਾਦੇਸ਼ ਦੇ ਬੱਲੇਬਾਜ਼ਾ ਦੇ ਕੋਲ ਕੋਈ ਜਵਾਬ ਨਹੀਂ ਸੀ ਅਤੇ ਪੂਰੀ ਟੀਮ 209 ਦੌੜਾਂ ‘ਤੇ ਆਊਟ ਹੋ ਗਈ।
ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 211 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ‘ਚ ਨਿਊ ਜ਼ੀਲੈਂਡ ਨੇ ਮੈਨ ਔਫ਼ ਦ ਮੈਚ ਰੌਸ ਟੇਲਰ (200) ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਆਪਣੀ ਪਾਰੀ ਛੇ ਵਿਕੇਟ ‘ਤੇ 432 ਦੌੜਾਂ ਬਣਾ ਕੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਵੈਗਨਰ ਨੂੰ ਟਰੈਂਟ ਬੋਲਟ ਦਾ ਚੰਗਾ ਸਾਥ ਮਿਲਿਆ ਜਿਸ ਨੇ 52 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਬੰਗਲਾਦੇਸ਼ ਨੇ ਸਵੇਰੇ ਤਿੰਨ ਵਿਕਟ ‘ਤੇ 80 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ, ਪਰ ਕਪਤਾਨ ਮਹਿਮੁਦੁਲਾਹ ਅਤੇ ਮੁਹੰਮਦ ਮਿਥੁਨ (47) ਨੂੰ ਛੱਡ ਕੇ ਉਸ ਦਾ ਕੋਈ ਵੀ ਹੋਰ ਬੱਲੇਬਾਜ਼ ਵਿਸ਼ਵਾਸ ਦੇ ਨਾਲ ਬੱਲੇਬਾਜ਼ੀ ਨਹੀਂ ਕਰ ਸਕਿਆ। ਮਹਿਮੁਦੁਲਾਹ ਨੇ 69 ਗੇਂਦਾਂ ‘ਤੇ 67 ਦੌੜਾਂ ਬਣਾਈਆਂ ਪਰ ਉਹ ਪਾਰੀ ਦੀ ਹਾਰ ਨਹੀਂ ਟਾਲ ਸਕਿਆ। ਤੀਜਾ ਅਤੇ ਆਖ਼ਰੀ ਟੈੱਸਟ ਮੈਚ ਇਸ ਸ਼ਨੀਵਾਰ ਤੋਂ ਕ੍ਰਾਇਸਟਚਰਚ ‘ਚ ਸ਼ੁਰੂ ਹੋਵੇਗਾ।