ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਇਹ ਉਹੀ ਕੇਜਰੀਵਾਲ ਹੈ, ਜਿਹੜਾ ਕਾਂਗਰਸ ਨੂੰ ਬੁਰਾ-ਭਲਾ ਕਹਿੰਦਾ ਸੀ ਅਤੇ ਹੁਣ ਕਾਂਗਰਸ ਨਾਲ ਗਠਜੋੜ ਕਰਨ ਲਈ ਉਤਾਵਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਮਝ ਤੋਂ ਦੂਰ ਹੈ ਕਿ ਕੇਜਰੀਵਾਲ ਕਰ ਕੀ ਰਿਹਾ ਹੈ। ਸਿਮਰਜੀਤ ਬੈਂਸ ਖੰਨਾ ‘ਚ ‘ਪੰਜਾਬ ਡੈਮੋਕ੍ਰੇਟਿਕ ਅਲਾਇੰਸ’ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਮਨਮਿੰਦਰ ਸਿੰਘ ਗਿਆਸਪੁਰਾ ਸਮੇਤ ਬਾਕੀ ਕਾਰਕੁੰਨਾਂ ਨਾਲ ਮੀਟਿੰਗ ਕਰਨ ਪੁੱਜੇ ਸਨ।
ਅਕਾਲੀ ਦਲ ਦੀ ਰੈਲੀ ਤੋਂ ਬਾਅਦ ਸ਼ਰਾਬ ਪਰੋਸੇ ਜਾਣ ਦੀ ਵੀਡੀਓ ਸਾਹਮਣੇ ਆਉਣ ‘ਤੇ ਬੈਂਸ ਦਾ ਕਹਿਣਾ ਸੀ ਕਿ ਅਕਾਲੀ ਅਤੇ ਕਾਂਗਰਸੀ ਆਪਸ ‘ਚ ਮਿਲੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਕੋਈ ਵੀ ਉਮੀਦਵਾਰ ਨਸ਼ਾ ਵੰਡਦਾ ਪਾਇਆ ਗਿਆ ਤਾਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ। ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਬਾਬਾ ਨਾਨਕ ਦੇ ਘਰ ਦੇ ਰਸਤੇ ‘ਤੇ ਰਾਜਨੀਤੀ ਕਰਨਾ ਸ਼ੋਭਾ ਨਹੀਂ ਦਿੰਦਾ।