ਰਣਵੀਰ ਸਿੰਘ ਆਪਣੀ ਅਗਲੀ ਫ਼ਿਲਮ 83 ਦੀ ਕਮਾਈ ‘ਚੋਂ ਹਿੱਸਾ ਲੈ ਸਕਦਾ ਹੈ। ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ ਅਤੇ ਆਮਿਰ ਖ਼ਾਨ ਅਤੇ ਬੌਲੀਵੁਡ ਦੇ ਕਈ ਹੋਰ ਸੁਪਰਸਟਾਰਜ਼ ਆਪਣੀਆਂ ਫ਼ਿਲਮਾਂ ਲਈ ਫ਼ੀਸ ਲੈਣ ਦੀ ਬਜਾਏ ਉਸ ਦੇ ਲਾਭ ‘ਚੋਂ ਹਿੱਸਾ ਲੈਂਦੇ ਹਨ। ਹੁਣ ਰਣਵੀਰ ਸਿੰਘ ਵੀ ਉਨ੍ਹਾਂ ਦੇ ਹੀ ਨਕਸ਼ੇਕਦਮ ‘ਤੇ ਚੱਲ ਪਿਆ ਹੈ। ਚਰਚਾ ਹੈ ਕਿ ਰਣਵੀਰ ਫ਼ਿਲਮ 83 ਦੇ ਲਾਭ ‘ਚ ਚੰਗਾ ਖ਼ਾਸਾ ਹਿੱਸਾ ਲੈਣ ਵਾਲਾ ਹੈ।
ਇਸ ਫ਼ਿਲਮ ‘ਚ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਕਿਰਦਾਰ ਰਣਵੀਰ ਪਰਦੇ ‘ਤੇ ਨਿਭਾਏਗਾ। ਇਸ ‘ਚ ਹੋਰ ਵੀ ਕਈ ਅਦਾਕਾਰ ਵੱਖ-ਵੱਖ ਕ੍ਰਿਕਟ ਖਿਡਾਰੀਆਂ ਦੀਆਂ ਭੂਮਿਕਾਵਾਂ ਨਿਭਾਉਾਂਦੇ ਨਜ਼ਰ ਆਉਣਗੇ। ਖ਼ੈਰ, ਜੇ ਰਣਵੀਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਬਾਜੀਰਾਓ ਮਸਤਾਨੀ, ਪਦਮਾਵਤ, ਸਿੰਬਾ ਅਤੇ ਗਲੀ ਬੁਆਏ ਵਰਗੀਆਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਨੇ ਰਣਵੀਰ ਨੂੰ ਸਫ਼ਲਤਾ ਦੀ ਸਿਕਰ ‘ਤੇ ਪਹੁੰਚਾ ਦਿੱਤਾ ਹੈ। ਇਸ ਨਾਲ ਉਸ ਦੀ ਬਰੈਂਡ ਵੈਲਿਊ ਵੀ ਕਾਫ਼ੀ ਵੱਧ ਚੁੱਕੀ ਹੈ।
ਰਣਵੀਰ ਨੌਜਵਾਨ ਪੀੜ੍ਹੀ ਦਾ ਸਭ ਤੋਂ ਪਸੰਦੀਦਾ ਅਦਾਕਾਰ ਮੰਨਿਆ ਜਾਣ ਲੱਗਾ ਹੈ। ਅਜਿਹੇ ‘ਚ ਪ੍ਰੋਡਿਊਸਰ ਵੀ ਉਸ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਉਸ ਨੂੰ ਫ਼ਿਲਮਾਂ ‘ਚ ਲਾਭ ਦਾ ਹਿੱਸਾ ਦੇਣ ਤੋਂ ਇਨਕਾਰ ਨਹੀਂ ਕਰ ਰਹੇ। ਜ਼ਿਕਰਯੋਗ ਹੈ ਕਿ ਰਣਵੀਰ ਕੋਲ ਇਸ ਵਕਤ ਕਈ ਫ਼ਿਲਮਾਂ ਹਨ ਜੋ ਆਉਣ ਵਾਲੇ ਸਮੇਂ ‘ਚ ਰਿਲੀਜ਼ ਹੋਣਗੀਆਂ। ਫ਼ਿਲਮ ਤਖ਼ਤ ‘ਚ ਵੀ ਉਹ ਮੁੱਖ ਭੂਮਿਕਾ ਨਿਭਾਉਾਂਦਾ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਹੋਰ ਵੀ ਕਈ ਬੌਲੀਵੁਡ ਸਿਤਾਰੇ ਨਜ਼ਰ ਆਉਣਗੇ।