ਮਨੀਸ਼ਾ ਦਾ ਕਹਿਣਾ ਹੈ ਕਿ ਉਸ ਨੇ ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਜੀਣਾ ਸਿੱਖ ਲਿਆ ਹੈ …
ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਅਦਾਕਾਰਾ ਮਨੀਸ਼ਾ ਕੋਇਰਾਲਾ ਫ਼ਿਲਮ ਸੰਜੂ ਅਤੇ ਵੈੱਬ ਸੀਰੀਜ਼ ਲਸਟ ਸਟੋਰੀਜ਼ ‘ਚ ਦਮਦਾਰ ਅਦਾਕਾਰੀ ਦਿਖਾ ਚੁੱਕੀ ਹੈ। ਹੁਣ ਮਨੀਸ਼ਾ ਇੱਕ ਹੋਰ ਫ਼ਿਲਮ ਦਾ ਹਿੱਸਾ ਬਣਨ ਜਾ ਰਹੀ ਹੈ। ਲੰਬੀ ਬ੍ਰੇਕ ਤੋਂ ਬਾਅਦ ਉਹ ਅਗਲੀ ਫ਼ਿਲਮ ਪ੍ਰਸਥਾਨਮ ‘ਚ ਨਜ਼ਰ ਆਵੇਗੀ। ਜਦੋਂ ਮਨੀਸ਼ਾ ਨੂੰ ਇਸ ਬ੍ਰੇਕ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ”ਇਹ ਸਿਰਫ਼ ਕੰਮ ਦੇ ਮਾਮਲੇ ‘ਚ ਹੀ ਨਹੀਂ ਬਲਕਿ ਜ਼ਿੰਦਗੀ ਦੇ ਮਾਮਲੇ ‘ਚ ਵੀ ਮੇਰੀ ਦੂਜੀ ਇਨਿੰਗ ਦੀ ਸ਼ੁਰੂਆਤ ਹੈ। ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦੌਰ ਚੱਲ ਰਿਹਾ ਹੈ।”
ਮਨੀਸ਼ਾ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਬਾਰੇ ਗੱਲ ਕਰਦਿਆਂ ਕਿਹਾ, ”ਪਹਿਲਾਂ ਮੈਂ ਜਿਸ ਦੌਰ ‘ਚੋਂ ਲੰਘ ਰਹੀ ਸੀ ਓਦੋਂ ਮੈਂ ਕਈ ਚੀਜ਼ਾਂ ਨੂੰ ਲੈ ਕੇ ਬਹੁਤੀ ਜਾਣਕਾਰੀ ਨਹੀਂ ਸੀ ਰੱਖਦੀ, ਪਰ ਹੁਣ ਮੈਂ ਜਾਣਕਾਰ ਹੋ ਚੁੱਕੀ ਹਾਂ ਅਤੇ ਜਿਊਂਣਾ ਵੀ ਸਿੱਖ ਗਈ ਹਾਂ। ਅੱਜ ਜੋ ਵਕਤ ਲੰਘ ਰਿਹਾ ਹੈ, ਉਹ ਪਹਿਲਾਂ ਨਾਲੋਂ ਮੇਰੇ ਲਈ ਬਹੁਤ ਚੰਗਾ ਹੈ।” ਜ਼ਿਕਰਯੋਗ ਹੈ ਕਿ ਫ਼ਿਲਮਾਂ ‘ਚ ਸੰਜੀਦਾ ਅਦਾਕਾਰੀ ਵਿਖਾਉਣ ਵਾਲੀ ਮਨੀਸ਼ਾ ਸ਼ੁਰੂ ਤੋਂ ਹੀ ਦਰਸ਼ਕਾਂ ਦੀ ਪਸੰਦੀਦਾ ਅਭਿਨੇਤਰੀ ਰਹੀ ਹੈ। ਹੁਣ ਉਹ ਮੁੜ ਲੋਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ।
ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਹੁਣ ਮਨੀਸ਼ਾ ਵੱਖ-ਵੱਖ ਤਰ੍ਹਾਂ ਦੇ ਕਈ ਪ੍ਰੌਜੈਕਟਾਂ ‘ਤੇ ਕੰਮ ਕਰ ਰਹੀ ਹੈ। ਆਪਣੀ ਜ਼ਿੰਦਗੀ ਦੀ ਕਹਾਣੀ ਨੂੰ ਉਸ ਨੇ ਕਿਤਾਬੀ ਰੂਪ ਵੀ ਦਿੱਤਾ ਹੈ। ਉਹ ਕੈਂਸਰ ਦੀ ਬਿਮਾਰੀ ਬਾਰੇ ਜਾਗਰੂਕਤਾ ਪ੍ਰੋਗਰਾਮਾਂ ‘ਚ ਵੀ ਸ਼ਾਮਿਲ ਹੁੰਦੀ ਰਹਿੰਦੀ ਹੈ। ਇੰਟਰਵਿਊ ਦੌਰਾਨ ਮਨੀਸ਼ਾ ਨੇ ਕਿਹਾ, ”ਮੈਂ ਇੱਕ ਐਕਟਰਸ ਦੇ ਤੌਰ ‘ਤੇ ਸੁਰੱਖਿਅਤ ਹਾਂ, ਪਰ ਮੈਨੂੰ ਲਗਦਾ ਹੈ ਕਿ ਇੱਕ ਵਿਅਕਤੀ ਅੰਦਰ ਚੰਗਾ ਕੰਮ ਕਰਨ ਦੀ ਇੱਛਾ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲਈ ਹਮੇਸ਼ਾ ਚੰਗੇ ਕੰਮ ਕਰਦੇ ਰਹਿਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।”
ਜਦੋਂ ਮਨੀਸ਼ਾ ਨੂੰ ਉਸ ਦੀ ਜ਼ਿੰਦਗੀ ਨੂੰ ਲੈ ਕੇ ਬਦਲੇ ਨਜ਼ਰੀਏ ਬਾਰੇ ‘ਚ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ, ”ਇਸ ਤਬਦੀਲੀ ਨੇ ਮੈਨੂੰ ਜ਼ਿੰਦਗੀ ‘ਚ ਸਿਰਫ਼ ਚੰਗੀਆਂ ਚੀਜ਼ਾਂ ਦੀ ਤਾਰੀਫ਼ ਕਰਨ ਦੀ ਤਾਕਤ ਹੀ ਦਿੱਤੀ ਹੈ। ਇਸ ਜਾਦੂਮਈ ਜ਼ਿੰਦਗੀ ਨੂੰ ਧੰਨਵਾਦ ਕਹਿਣਾ ਸਿਖਾਇਆ ਹੈ, ਅਤੇ ਨਾਲ ਹੀ ਉਨ੍ਹਾਂ ਚੀਜ਼ਾਂ ਦੀ ਤਾਰੀਫ਼ ਕਰਨੀ ਸਿਖਾਈ ਹੈ ਜੋ ਜ਼ਿੰਦਗੀ ਸਾਨੂੰ ਦਿੰਦੀ ਹੈ। ਮੈਂ ਆਪਣੀ ਜ਼ਿੰਦਗੀ ਗਵਾਉਣ ਵਾਲੀ ਸੀ, ਇਸ ਲਈ ਅੱਜ ਮੈਂ ਹਰ ਚੀਜ਼ ਨੂੰ ਅਹਿਮੀਅਤ ਦਿੰਦੀ ਹਾਂ। ਮੈਨੂੰ ਹੁਣ ਜਿੰਨਾ ਵੀ ਵਕਤ ਮਿਲਿਆ ਹੈ, ਮੈਂ ਉਸ ਨੂੰ ਚੰਗੀ ਤਰ੍ਹਾਂ ਜੀਅ ਲੈਣ ਵਾਲੀ ਹਾਂ। ਮੈਂ ਇਸ ਦਾ ਪੂਰੀ ਤਰ੍ਹਾਂ ਆਨੰਦ ਲੈਣਾ ਚਾਹੁੰਦੀ ਹਾਂ ਅਤੇ ਅੱਗੇ ਆਉਣ ਵਾਲੇ ਉਤਰਾਅ-ਚੜ੍ਹਾਅ ਦਾ ਹਿੰਮਤ ਨਾਲ ਸਾਹਮਣਾ ਕਰਨਾ ਚਾਹੁੰਦੀ ਹਾਂ।”