ਨਵੀਂ ਦਿੱਲੀ – 12 ਮਾਰਚ 2006, ਇਹ ਉਹ ਤਾਰੀਖ ਹੈ ਜਿਸ ਨੂੰ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਨਹੀਂ ਭੁੱਲ ਸਕਦੇ। ਆਹਮੋ-ਸਾਹਮਣੇ ਸੀ ਦੋ ਧਾਕੜ ਟੀਮਾਂ। ਮੇਜ਼ਬਾਨ ਦੱਖਣੀ ਅਫ਼ਰੀਕਾ ਅਤੇ ਆਸਟਰੇਲੀਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 434 ਦੌੜਾਂ ਦਾ ਰਿਕਾਰਡ ਸਕੋਰ ਬਣਾ ਦਿੱਤਾ। ਸਾਰੇ ਰਿਕਾਰਡ ਤਹਿਸ-ਨਹਿਸ ਕਰ ਦਿੱਤੇ, ਪਰ ਅਜੇ ਇਸ ਮੈਚ ਵਿੱਚ ਬਹੁਤ ਕੁੱਝ ਬਾਕੀ ਸੀ। ਇਸ ਤੋਂ ਕੁੱਝ ਹੀ ਘੰਟਿਆਂ ਬਾਅਦ ਦੱਖਣੀ ਅਫ਼ਰੀਕਾ ਨੇ ਜੋ ਕੀਤਾ ਉਹ ਇਤਿਹਾਸ ਦੇ ਸੁਨਿਹਰੇ ਅੱਖਰਾਂ ‘ਚ ਲਿਖਿਆ ਗਿਆ ਅਤੇ ਇਸ ਜਿੱਤ ਦਾ ਹੀਰੋ ਹਰਸ਼ਲ ਗਿਬਜ਼ ਸੀ।
ਦਿਲਚਸਪ ਗੱਲ ਇਹ ਹੈ ਕਿ ਇਸ ਦੱਖਣੀ ਅਫ਼ਰੀਕੀ ਖਿਡਾਰੀ ਨੇ ਇਹ ਕਮਾਲ ਸਰਾਬ ਦੇ ਨਸ਼ੇ ਵਿੱਚ ਕੀਤਾ ਸੀ। ਅੱਜ ਤੋਂ ਠੀਕ 13 ਸਾਲ ਪਹਿਲਾਂ 12 ਮਾਰਚ ਅਤੇ ਦਿਨ ਐਤਵਾਰ ਸੀ। ਜੋਹਾਨਸਬਰਗ ਦੇ ਵੌਂਡਰਰਜ਼ ਸਟੇਡੀਅਮ ਵਿੱਚ ਮੈਚ ਖੇਡਿਆ ਜਾਣਾ ਸੀ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਹਰ ਕੰਗਾਰੂ ਬੱਲੇਬਾਜ਼ਾਂ ਨੇ ਮੈਦਾਨ ‘ਤੇ ਅਜਿਹਾ ਕਹਿਰ ਢਾਇਆ ਕਿ ਰਿਕਾਰਡ ਹੀ ਬਣਾ ਦਿੱਤਾ। ਵਨ ਡੇ ਇਤਿਹਾਸ ਵਿੱਚ ਪਹਿਲੀ ਵਾਰ 400 ਦਾ ਅੰਕੜਾ ਪਾਰ ਕੀਤਾ ਗਿਆ।
ਰਿਕੀ ਪੌਂਟਿੰਗ ਨੇ ਜ਼ਬਰਦਸਤ 105 ਗੇਂਦਾਂ ਵਿੱਚ 164 ਦੌੜਾਂ ਬਣਾਈਆਂ ਜਿਸ ਵਿੱਚ 13 ਚੌਕੇ ਅਤੇ 9 ਛੱਕੇ ਸ਼ਾਮਿਲ ਸਨ। ਗਿਲਕ੍ਰਿਸਟ, ਕੈਟਿਸ ਅਤੇ ਹਸੀ ਨੇ ਮੈਦਾਨ ਦੇ ਹਰ ਪਾਸੇ ਸ਼ੌਟਸ ਲਾਏ। 50 ਓਵਰ ਖ਼ਤਮ ਹੋਣ ਤੋਂ ਬਾਅਦ ਆਸਟਰੇਲੀਆ ਦਾ ਸਕੋਰ 434/4 ਸੀ। ਮਤਲਬ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 435 ਦਾ ਪਹਾੜ ਵਰਗਾ ਟੀਚਾ ਮਿਲਿਆ ਸੀ, ਪਰ ਅਫ਼ਰੀਕੀ ਟੀਮ ਦੇ ਇਰਾਦੇ ਕੁੱਝ ਹੋਰ ਹੀ ਸੀ। ਦੂਜੇ ਓਵਰ ਵਿੱਚ ਪਹਿਲਾ ਵਿਕਟ ਗੁਆਉਣ ਤੋਂ ਬਾਅਦ ਤਾਂ ਅਫ਼ਰੀਕੀ ਟੀਮ ਨੇ ਉਹ ਰੰਗ ਬਦਲਿਆ ਕਿ ਦੇਖਣ ਵਾਲਿਆਂ ਦੇ ਹੋਸ਼ ਹੀ ਉੱਡ ਗਏ।
ਕਪਤਾਨ ਸਟੀਵ ਸਮਿਥ ਅਤੇ ਹਰਸ਼ਲ ਗਿਬਜ਼ ਨੇ ਸਕੋਰ ਦੀ ਹਨੇਰੀ ਲਿਆ ਦਿੱਤੀ। 55 ਗੇਂਦਾਂ ‘ਤੇ 90 ਦੌੜਾਂ ਬਣਾ ਕੇ ਸਮਿਥ ਆਊਟ ਹੋਏ, ਪਰ ਗਿਬਜ਼ ਦਾ ਕਹਿਰ ਜਾਰੀ ਰਿਹਾ। ਸ਼ਰਾਬ ਨੇ ਨਸ਼ੇ ਵਿੱਚ ਇਸ ਖਿਡਾਰੀ ਨੇ 111 ਗੇਂਦਾਂ ਵਿੱਚ 175 ਦੌੜਾਂ (7 ਛੱਕੇ ਅਤੇ 21 ਚੌਕੇ) ਬਣਾ ਦਿੱਤੀਆਂ। ਜਦੋਂ ਚੌਥੇ ਵਿਕਟ ਦੇ ਰੂਪ ‘ਚ ਗਿਬਜ਼ ਆਊਟ ਹੋਇਆ ਤਾਂ ਦੱਖਣੀ ਅਫ਼ਰੀਕਾ ਅਜੇ ਟੀਚੇ ਤੋਂ 136 ਦੌੜਾਂ ਦੂਰ ਸੀ। ਇਸ ਤੋਂ ਬਾਅਦ ਫ਼ਸਦੇ ਮੈਚ ਨੂੰ ਜੋਹਾਨ ਵਾਨ-ਡਰ-ਵਾਰਥ ਅਤੇ ਵਿਕਟਕੀਪਰ ਬੱਲੇਬਾਜ਼ ਮਾਰਕ ਬਾਊਚਰ ਦੀ ਅਰਧ ਸੈਂਕੜੇ ਦੀ ਪਾਰੀ ਨੇ ਜਿੱਤ ਤਕ ਪਹੁੰਚਾਇਆ।
ਦੱਖਣੀ ਅਫ਼ਰੀਕਾ ਨੇ ਇੱਕ ਗੇਂਦ ਬਾਕੀ ਰਹਿੰਦਿਆਂ 438/9 ਦੌੜਾਂ ਬਣਾ ਦਿੱਤੀਆਂ ਅਤੇ ਆਸਟਰੇਲੀਆ ਇਹ ਮੁਕਾਬਲਾ ਇੱਕ ਵਿਕਟ ਨਾਲ ਗੁਆ ਬੈਠਾ। ਇਸ ਮੈਚ ਵਿੱਚ ਦੋਹੇਂ ਪਾਸਿਓ ਕੁੱਲ 87 ਚੌਕੇ ਅਤੇ 26 ਛੱਕੇ ਲੱਗੇ ਸੀ। ਦੱਖਣੀ ਅਫ਼ਰੀਕਾ ਨੇ ਸੀਰੀਜ਼ 3-2 ਨਾਲ ਜਿੱਤ ਲਈ। ਸਭ ਤੋਂ ਵੱਧ ਕੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਕ ਲੁਈਸ ਦੇ 10 ਓਵਰਾਂ ਵਿੱਚ ਦੱਖਣੀ ਅਫ਼ਰੀਕਾ ਨੇ 113 ਦੌੜਾਂ ਲੁੱਟੀਆਂ ਜੋ ਵਨ ਡੇ ਕੌਮਾਂਤਰੀ ਕ੍ਰਿਕਟ ਵਿੱਚ ਇੱਕ ਪਾਰੀ ਵਿੱਚ ਕਿਸੇ ਗੇਂਦਬਾਜ਼ ਦਾ ਸਭ ਤੋਂ ਮਹਿੰਗਾ ਓਵਰ ਹੈ। ਫ਼ਿਲਹਾਲ ਪਾਕਿਸਤਾਨ ਦੇ ਵਹਾਬ ਰਿਆਜ਼ ਇਸ ਸ਼ਰਮਨਾਕ ਰਿਕਾਰਡ ਵਿੱਚ ਦੂਜਾ ਸਥਾਨ ਰੱਖਦੇ ਹਨ। ਵਹਾਬ ਨੇ ਇੰਗਲੈਂਡ ਖ਼ਿਲਾਫ਼ 2016 ਵਿੱਚ 110 ਦੌੜਾਂ ਲੁਟਾਈਆਂ ਸੀ।
ਖ਼ੁਦ ਗਿਬਜ਼ ਇਸ ਗੱਲ ਦਾ ਖੁਲਾਸਾ ਕਰ ਚੁੱਕਾ ਹੈ ਕਿ ਉਸ ਦਿਨ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਗਿਬਜ਼ ਨੇ ਆਪਣੀ ਆਟੋਬਾਇਓਗ੍ਰਾਫ਼ੀ ਟੂ ਦਾ ਪੁਆਈਂਟ: ਨੋ ਹੋਲਡਜ਼ ਬਾਰਡ ਵਿੱਚ ਦੱਸਿਆ ਹੈ ਕਿ ਉਸ ਮੈਚ ਤੋਂ ਇੱਕ ਰਾਤ ਪਹਿਲਾਂ ਉਸ ਨੇ ਕਾਫ਼ੀ ਸ਼ਰਾਬ ਪੀਤੀ ਸੀ ਅਤੇ ਮੈਚ ਵਾਲੇ ਦਿਨ ਉਹ ਹੈਂਗਓਵਰ ਵਿੱਚ ਸੀ। ਸਾਬਕਾ ਆਸਟਰੇਲੀਆਈ ਕ੍ਰਿਕਟਰ ਮਾਈਕ ਹਸੀ ਨੇ ਵੀ ਆਪਣੀ ਕਿਤਾਬ ਵਿੱਚ ਇਸ ਬਾਰੇ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ, ”ਸੌਣ ਤੋਂ ਪਹਿਲਾਂ ਮੈਂ ਆਪਣੇ ਹੋਟਲ ਦੇ ਕਮਰੇ ਤੋਂ ਬਾਹਰ ਦੇਖਿਆ ਕਿ ਗਿਬਜ਼ ਅਜੇ ਵੀ ਉੱਥੇ ਹੀ ਸੀ। ਗਿਬਜ਼ ਜਦੋਂ ਸਵੇਰੇ ਨਾਸ਼ਤਾ ਕਰਨ ਆਇਆ ਤਾਂ ਓਦੋਂ ਵੀ ਉਹ ਨਸ਼ੇ ਵਿੱਚ ਦਿਖ ਰਿਹਾ ਸੀ।”