ਮੋਹਾਲੀ : ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 ‘ਚ ਸਥਿਤ ਇਕ ਕੈਮੀਕਲ ਫੈਕਟਰੀ ਨੂੰ ਸ਼ੁੱਕਰਵਾਰ ਦੁਪਿਹਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਉੱਠ ਰਹੀਆਂ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ ਹੋਈਆਂ ਹਨ।
ਲਗਾਤਾਰ ਹੋ ਰਹੇ ਧਮਾਕੇ
ਫੈਕਟਰੀ ‘ਚ ਸਥਿਤ ਕੈਮੀਕਲ ਵਾਲੇ ਡਰੰਮ ਜਿਵੇਂ ਹੀ ਅੱਗ ਫੜ੍ਹ ਰਹੇ ਹਨ ਤਾਂ ਲਗਾਤਾਰ ਵੱਡੇ-ਵੱਡੇ ਧਮਾਕੇ ਹੋ ਰਹੇ ਹਨ ਅਤੇ ਕਈ ਸੈਂਕੜੇ ਫੁੱਟ ਤੱਕ ਅੱਗ ਦੀਆਂ ਲਪਟਾਂ ਜਾ ਰਹੀਆਂ ਹਨ। ਪਹਿਲਾਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪੁੱਜੀਆਂ ਸਨ ਪਰ ਹੁਣ ਅੱਗ ਦਾ ਭਿਆਨਕ ਰੂਪ ਦੇਖ ਕੇ ਹੋਰ ਗੱਡੀਆਂ ਵੀ ਮੌਕੇ ‘ਤੇ ਪੁੱਜ ਰਹੀਆਂ ਹਨ। ਫਾਇਰ ਅਧਿਕਾਰੀਆਂ ਵਲੋਂ ਲਗਾਤਾਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕਾਲੇ ਧੂੰਏਂ ਨਾਲ ਆਸਮਾਨ ਹੋਇਆ ਕਾਲਾ
ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਇਕ ਧਮਾਕੇ ਦੀ ਆਵਾਜ਼ ਉਨ੍ਹਾਂ ਨੂੰ ਸੁਣਾਈ ਦਿੱਤੀ, ਜਿਸ ਤੋਂ ਬਾਅਦ ਅੱਗ ਲੱਗੀ। ਘਟਨਾ ਵਾਲੀ ਥਾਂ ਤੋਂ ਕਾਫੀ ਵੱਡੀ ਮਾਤਰਾ ‘ਚ ਕਾਲਾ ਧੂੰਆਂ ਨਿਕਲ ਰਿਹਾ ਹੈ, ਜਿਸ ਕਾਰਨ ਆਸਮਾਨ ਵੀ ਕਾਲਾ ਨਜ਼ਰ ਆ ਰਿਹਾ ਹੈ। ਫਿਲਹਾਲ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਅੱਗ ਕਿਨ੍ਹਾਂ ਕਾਰਨਾਂ ਕਰਕੇ ਲੱਗੀ ਹੈ।