ਨਵੀਂ ਦਿੱਲੀ/ਬਿਹਾਰ— ਸੁਪਰੀਮ ਕੋਰਟ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ ‘ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਜਵਾਬ ਮੰਗਿਆ ਹੈ। ਲਾਲੂ ਨੇ ਚਾਰਾ ਘਪਲੇ ਦੇ ਤਿੰਨ ਮਾਮਲਿਆਂ ‘ਚ ਜ਼ਮਾਨਤ ਪਾਉਣ ਲਈ ਅਰਜ਼ੀ ਦਾਖਲ ਕੀਤੀ ਸੀ। ਚੀਫ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਸੀ.ਬੀ.ਆਈ. ਨੂੰ 2 ਹਫਤਿਆਂ ਦੇ ਅੰਦਰ ਇਸ ਮਾਮਲੇ ‘ਤੇ ਜਵਾਬ ਦੇਣ ਲਈ ਕਿਹਾ ਹੈ। ਯਾਦਵ ਨੇ ਡਾਕਟਰੀ ਆਧਾਰ ‘ਤੇ ਜ਼ਮਾਨਤ ਮੰਗੀ ਹੈ। ਲਾਲੂ ਨੇ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ‘ਚ ਝਾਰਖੰਡ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਜਿਸ ‘ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ। ਹਾਈ ਕੋਰਟ ਨੇ 10 ਜਨਵਰੀ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਚਾਰਾ ਘਪਲੇ ‘ਚ ਸਜ਼ਾ ਕੱਟ ਰਹੇ ਲਾਲੂ ਦਸੰਬਰ 2017 ਤੋਂ ਰਾਂਚੀ ਦੀ ਬਿਰਸਾ ਮੁੰਡਾ ਜੇਲ ‘ਚ ਬੰਦ ਹਨ। ਉਨ੍ਹਾਂ ਨੇ ਖਰਾਬ ਸਿਹਤ ਅਤੇ ਵਧਦੀ ਉਮਰ ਦਾ ਹਵਾਲਾ ਦਿੰਦੇ ਹੋਏ ਝਾਰਖੰਡ ਹਾਈ ਕੋਰਟ ‘ਚ ਜ਼ਮਾਨਤ ਦੀ ਅਰਜ਼ੀ ਲਗਾਈ ਸੀ ਪਰ ਕੋਰਟ ਨੇ ਉਨ੍ਹਾਂ ਦੀ ਇਸ ਦਲੀਲ ਨੂੰ ਖਾਰਜ ਕਰਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। 71 ਸਾਲਾ ਲਾਲੂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਬੀਮਾਰੀਆਂ ਨਾਲ ਪੀੜਤ ਹਨ। ਉਨ੍ਹਾਂ ਦਾ ਰਾਂਚੀ ਸਥਿਤ ਰਿਮਜ ‘ਚ ਇਲਾਜ ਵੀ ਚੱਲ ਰਿਹਾ ਹੈ।