ਜਲੰਧਰ : ਕਾਂਗਰਸ ਪਾਰਟੀ ਅਗਾਮੀ ਲੋਕ ਸਭਾ ਚੋਣਾਂ ਵਿਚ ਡੇਰਾ ਸਿਰਸਾ ਕੋਲੋਂ ਸਮਰਥਨ ਨਹੀਂ ਲਵੇਗੀ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਡੇਰੇ ਇਕੋ ਜਿਹੇ ਨਹੀਂ ਹੁੰਦੇ, ਪਰ ਡੇਰਾ ਸਿਰਸਾ ਦੀ ਜੋ ਸਥਿਤੀ ਸੀ ਉਹ ਸਾਰਿਆਂ ਸਾਹਮਣੇ ਸਪੱਸ਼ਟ ਹੋ ਚੁੱਕੀ ਹੈ। ਉਨ੍ਹਾਂ ਅਕਾਲੀਆਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲਾਂ ਨੇ ਅਜੇ ਵੀ ਡੇਰਾ ਮੁਖੀ ਦਾ ਰਾਹ ਆਪਣੇ ਲਈ ਖੁੱਲ੍ਹਾ ਰੱਖਿਆ ਹੋਇਆ ਹੈ। ਧਿਆਨ ਰਹੇ ਕਿ ਚੋਣਾਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਡੇਰਾ ਸਿਰਸਾ ਦੀ ਅਹਿਮ ਭੂਮਿਕਾ ਰਹਿੰਦੀ ਸੀ। ਪੰਜਾਬ ਦੇ ਮਾਲਵਾ ਖਿੱਤੇ ਵਿਚ ਸਥਿਤੀ ਇਹੋ ਜਿਹੀ ਸੀ ਕਿ ਜਿਸ ਪਾਰਟੀ ਨੂੰ ਡੇਰੇ ਦੀਆਂ ਵੋਟਾਂ ਪੈ ਜਾਂਦੀਆਂ ਉਸ ਪਾਰਟੀ ਦੀ ਜਿੱਤ ਯਕੀਨੀ ਸੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਡੇਰੇ ਵਿਚ ਵੋਟਾਂ ਮੰਗਣ ਲਈ ਜਾਂਦੇ ਵੀ ਸਨ। ਹੁਣ ਡੇਰਾ ਸਿਰਸਾ ਮੁਖੀ ਬਲਾਤਕਾਰ ਦੇ ਦੋਸ਼ਾਂ ਹੇਠ ਜੇਲ੍ਹ ਵਿਚ ਬੰਦ ਹੈ ਅਤੇ ਡੇਰਾ ਪ੍ਰੇਮੀਆਂ ਦਾ ਰੁਝਾਨ ਕਿਸ ਪਾਸੇ ਜਾਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।