ਹੈਦਰਾਬਾਦ — ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਮਸਜਿਦ ‘ਚ ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਲਾਪਤਾ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਦਾ ਇਕ ਦਿਨ ਬਾਅਦ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇੰਜੀਨੀਅਰ ਫਰਹਾਜ ਅਹਿਸਾਨ ਨਿਊਜ਼ੀਲੈਂਡ ਵਿਚ ਪਿਛਲੇ 7 ਸਾਲ ਤੋਂ ਕੰਮ ਕਰ ਰਹੇ ਸਨ। ਉਹ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਅਹਿਸਾਨ ਦੀ ਮਾਂ ਫਾਤਿਮਾ ਨੇ ਸ਼ਨੀਵਾਰ ਨੂੰ ਕਿਹਾ, ”ਸਾਨੂੰ ਸਾਡੇ ਪੁੱਤਰ ਦੀ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ। ਸਾਨੂੰ ਉਸ ਦੀ ਚਿੰਤਾ ਹੈ।
ਓਧਰ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਟਵੀਟ ਕੀਤਾ, ”ਦੱਸਿਆ ਜਾ ਰਿਹਾ ਹੈ ਕਿ ਭਾਰਤੀ ਮੂਲ ਦੇ ਫਰਹਾਜ ਅਹਿਸਾਨ ਵੀ ਉਸੇ ਮਸਜਿਦ ਵਿਚ ਗਏ ਸਨ ਅਤੇ ਲਾਪਤਾ ਹਨ। ਉਨ੍ਹਾਂ ਦਾ ਪਰਿਵਾਰ ਹੈਦਰਾਬਾਦ ਵਿਚ ਹੈ। ਮੈਂ ਉਨ੍ਹਾਂ ਦੇ ਪਰਿਵਾਰ ਦੀ ਤੁਰੰਤ ਮਦਦ ਕਰਨ ਦੀ ਅਪੀਲ ਕਰਦਾ ਹਾਂ। ਹੈਦਰਾਬਾਦ ਦੇ ਹੀ ਰਹਿਣ ਵਾਲੇ ਇਕ ਹੋਰ ਭਾਰਤੀ ਅਹਿਮਦ ਇਕਬਾਲ ਗੋਲੀਬਾਰੀ ਵਿਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਨਿਊਜ਼ੀਲੈਂਡ ਦੇ ਇਕ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।
ਸੂਤਰਾਂ ਮੁਤਾਬਕ ਖਬਰਾਂ ਵਿਚ ਇਹ ਦੱਸਿਆ ਜਾ ਰਿਹਾ ਹੈ ਕਿ 9 ਭਾਰਤੀ ਲਾਪਤਾ ਹਨ। ਕੁਝ ਸਬੰਧਤ ਪ੍ਰਕਿਰਿਆਵਾਂ ਕਾਰਨ ਭਾਰਤੀਆਂ ਦੇ ਜ਼ਖਮੀ ਹੋਣ ਬਾਰੇ ਅਧਿਕਾਰਤ ਪੁਸ਼ਟੀ ਹੋਣ ਵਿਚ ਸਮਾਂ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ 28 ਸਾਲਾ ਬਰੈਂਟਨ ਟੈਰੇਂਟ ਨੇ ਕ੍ਰਾਈਸਟਚਰਚ ਦੀ ਅਲ ਨੂਰ ਮਸਜਿਦ ਅਤੇ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਲਿਨਵੁੱਡ ਮਸਜਿਦ ‘ਤੇ ਗੋਲੀਬਾਰੀ ਕਰ ਕੇ 49 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।