ਵਲਿੰਗਟਨ/ ਸਿਡਨੀ, — ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਦੀਆਂ ਦੋ ਮਸਜਿਦਾਂ ‘ਚ ਹੋਏ ਅੱਤਵਾਦੀ ਹਮਲੇ ‘ਚ ਹੁਣ ਤਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਪੁਸ਼ਟੀ ਹੋ ਗਈ ਹੈ ਕਿ ਇੱਥੇ 6 ਭਾਰਤੀ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚੋਂ 3 ਗੁਜਰਾਤ ਅਤੇ 2 ਹੈਦਰਾਬਾਦ ਅਤੇ ਇਕ ਕੇਰਲਾ ਦੀ ਰਹਿਣ ਵਾਲੀ ਔਰਤ ਸੀ। ਕੁੱਲ 7 ਭਾਰਤੀ ਅਤੇ 2 ਭਾਰਤੀ ਮੂਲ ਦੇ ਵਿਅਕਤੀ ਅੱਤਵਾਦੀ ਹਮਲੇ ਦੇ ਸ਼ਿਕਾਰ ਹੋਏ ਦੱਸੇ ਜਾ ਰਹੇ ਹਨ। ਹਮਲੇ ਮਗਰੋਂ ਭਾਰਤੀਆਂ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। ਜਾਣਕਾਰੀ ਮੁਤਾਬਕ ਦੋ ਭਾਰਤੀ ਵਿਅਕਤੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਨਿਊਜ਼ੀਲੈਂਡ ‘ਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਹਮਲੇ ‘ਚ ਵਡੋਦਰਾ ਦੇ ਰਹਿਣ ਵਾਲੇ ਬਾਪ-ਬੇਟੇ ਦੀ ਵੀ ਮੌਤ ਹੋ ਗਈ। ਵਡੋਦਰਾ ਦੇ 58 ਸਾਲ ਦੇ ਆਰਿਫ ਵੋਰਾ ਅਤੇ 27 ਸਾਲ ਦੇ ਰਮੀਜ਼ ਵੋਰਾ ਦੀ ਮੌਤ ਹੋ ਗਈ। ਰਮੀਜ਼ ਵੋਰਾ ਪਿਛਲੇ 7 ਸਾਲਾਂ ਤੋਂ ਕ੍ਰਾਈਸਟ ਚਰਚ ‘ਚ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਉਸ ਦੇ ਪਿਤਾ ਹਾਲ ਹੀ ‘ਚ ਵਡੋਦਰਾ ਤੋਂ ਨਿਊਜ਼ੀਲੈਂਡ ਗਏ ਸਨ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਮੂਲ ਦੇ ਇਕ 28 ਸਾਲਾ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋ ਮਸਜਿਦਾਂ ‘ਤੇ ਹਮਲਾ ਕਰਕੇ ਬੇਕਸੂਰ 50 ਲੋਕਾਂ ਦੀ ਜਾਨ ਲੈ ਲਈ। ਪੁਲਸ ਨੇ 4 ਦੋਸ਼ੀਆਂ ਨੂੰ ਹਿਰਾਸਤ ‘ਚ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸ਼ਹਿਰ ‘ਚ ਵੱਡੀ ਗਿਣਤੀ ‘ਚ ਭਾਰਤੀ ਲੋਕ ਰਹਿੰਦੇ ਹਨ ਅਤੇ ਇੱਥੇ ਲਗਭਗ 30,000ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ। ਇਸ ਹਮਲੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।