ਲਖਨਊ— ਐਤਵਾਰ ਨੂੰ ਉੱਤਰ ਪ੍ਰਦੇਸ਼ (ਯੂ. ਪੀ.) ਦੇ 4 ਦਿਨਾਂ ਦੌਰੇ ‘ਤੇ ਪਹੁੰਚਣ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੋਟਰਾਂ ਨੂੰ ਇਕ ਖਾਸ ਚਿੱਠੀ ਲਿਖੀ ਹੈ। ਪ੍ਰਿਯੰਕਾ ਨੇ ਇਸ ਚਿੱਠੀ ਜ਼ਰੀਏ ਵੋਟਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਤੋਂ ਸਮਰਥਨ ਮੰਗਿਆ ਹੈ। ਚਿੱਠੀ ਵਿਚ ਪ੍ਰਿਯੰਕਾ ਨੇ ਉੱਤਰ ਪ੍ਰਦੇਸ਼ ਨਾਲ ਆਪਣਾ ਪੁਰਾਣਾ ਨਾਅਤਾ ਹੋਣ ਦੀ ਗੱਲ ਵੀ ਆਖੀ ਹੈ। 17 ਮਾਰਚ ਨੂੰ ਲਿਖੀ ਇਸ ਚਿੱਠੀ ਵਿਚ ਪ੍ਰਿਯੰਕਾ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ, ”ਮੈਂ ਇਸ ਧਰਤੀ ਤੋਂ ਆਤਮਿਕ ਰੂਪ ਨਾਲ ਜੁੜੀ ਹਾਂ ਅਤੇ ਮੈਂ ਇਹ ਮੰਨਦੀ ਹਾਂ ਕਿ ਪ੍ਰਦੇਸ਼ ਵਿਚ ਕਿਸੇ ਤਰ੍ਹਾਂ ਦੇ ਸਿਆਸੀ ਬਦਲਾਅ ਦੀ ਸ਼ੁਰੂਆਤ ਤੁਹਾਡੇ ਦਰਦ ਨੂੰ ਸਾਂਝਾ ਕੀਤੇ ਬਿਨਾਂ ਨਹੀਂ ਹੋ ਸਕਦੀ। ਇਸ ਲਈ ਸਿੱਧੀ ਅਤੇ ਸੱਚੀ ਗੱਲਬਾਤ ਕਰਨ ਲਈ ਮੈਂ ਤੁਹਾਡੇ ਦੁਆਰ ਪਹੁੰਚ ਰਹੀ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਸੱਚਾਈ ਅਤੇ ਸੰਕਲਪ ਦੀ ਬੁਨਿਆਦ ‘ਤੇ ਅਸੀਂ ਸਿਆਸਤ ਵਿਚ ਬਦਲਾਅ ਲਿਆਵਾਂਗੇ। ਅਸੀਂ ਇਕੱਠੇ ਮਿਲ ਕੇ ਤੁਹਾਡੇ ਮੁੱਦਿਆਂ ਨੂੰ ਹੱਲ ਕਰਨ ਵੱਲ ਵਧਾਂਗੇ।
ਚਿੱਠੀ ਵਿਚ ਗੰਗਾ ਨੂੰ ਲੈ ਕੇ ਖਾਸ ਸੰਦੇਸ਼—
ਇਸ ਦੌਰੇ ‘ਤੇ ਪ੍ਰਿਯੰਕਾ ਪ੍ਰਯਾਗਰਾਜ ਤੋਂ ਵਾਰਾਨਸੀ ਗੰਗਾ ਦੇ ਰਸਤਿਓਂ ਸਟੀਮਰ ਤੋਂ ਜਾਵੇਗੀ। ਇਸ ਯਾਤਰਾ ਬਾਰੇ ਪ੍ਰਿਯੰਕਾ ਨੇ ਆਪਣੀ ਚਿੱਠੀ ਵਿਚ ਜ਼ਿਕਰ ਕੀਤਾ ਹੈ। ਚਿੱਠੀ ਵਿਚ ਪ੍ਰਿਯੰਕਾ ਨੇ ਲਿਖਿਆ ਹੈ, ”ਗੰਗਾ ਸੱਚਾਈ ਅਤੇ ਸਮਾਨਤਾ ਦੀ ਪ੍ਰਤੀਕ ਹੈ ਅਤੇ ਸਾਡੀ ਗੰਗਾ-ਜਮੁਨੀ ਸੱਭਿਆਚਾਰ ਦੀ ਚਿੰਨ੍ਹ ਹੈ। ਉਹ ਕਿਸੇ ਨਾਲ ਭੇਦਭਾਵ ਨਹੀਂ ਕਰਦੀ। ਗੰਗਾਜੀ ਉੱਤਰ ਪ੍ਰਦੇਸ਼ ਦਾ ਸਹਾਰਾ ਹੈ। ਮੈਂ ਗੰਗਾ ਜੀ ਦਾ ਸਹਾਰਾ ਲੈ ਕੇ ਤੁਹਾਡੇ ਦਰਮਿਆਨ ਪਹੁੰਚਾਂਗੀ। ਜ਼ਿਕਰਯੋਗ ਹੈ ਕਿ ਆਪਣੇ ਉੱਤਰ ਪ੍ਰਦੇਸ਼ ਦੌਰੇ ਲਈ ਪ੍ਰਿਯੰਕਾ ਲਖਨਊ ਪਹੁੰਚ ਚੁੱਕੀ ਹੈ। ਇੱਥੇ ਉਹ ਪ੍ਰਦੇਸ਼ ਦਫਤਰ ਵਿਚ ਪਾਰਟੀ ਨੇਤਾਵਾਂ ਨਾਲ ਬੈਠਕ ਕਰੇਗੀ। ਬੈਠਕਾਂ ਦਾ ਦੌਰ ਸ਼ਾਮ 7 ਵਜੇ ਤਕ ਚਲੇਗਾ। ਅਗਲੇ ਤਿੰਨ ਦਿਨਾਂ ਤੱਕ ਉਹ ਜਨ ਸਭਾਵਾਂ ਅਤੇ ਰੈਲੀਆਂ ਵਿਚ ਹਿੱਸਾ ਲਵੇਗੀ।