ਸ਼੍ਰੀਨਗਰ— ਪਾਕਿਸਤਾਨੀ ਫੌਜ ਨੇ ਸੋਮਵਾਰ ਦੀ ਸਵੇਰ ਕਰੀਬ 5.30 ਵਜੇ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਜੰਗਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨੀ ਫੌਜ ਵਲੋਂ ਕੰਟਰੋਲ ਰੇਖਾ ‘ਤੇ ਫਾਇਰਿੰਗ ਕੀਤੀ ਜਾ ਰਹੀ ਹੈ ਅਤੇ ਮੋਰਟਾਰ ਵੀ ਦਾਗ਼ੇ ਜਾ ਰਹੇ ਹਨ। ਪਾਕਿਸਤਾਨੀ ਫੌਜ ਵਲੋਂ ਹੋ ਰਹੀ ਇਸ ਫਾਇਰਿੰਗ ‘ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਭਾਰਤੀ ਫੌਜ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ‘ਤੇ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਵਲੋਂ ਜੈਸ਼ ਦੇ ਟਿਕਾਣਿਆਂ ‘ਤੇ ਕੀਤੀ ਗਈ ਏਅਰ ਸਟਰਾਈਕ ਦੇ ਬਾਅਦ ਤੋਂ ਹੀ ਸਰਹੱਦ ‘ਤੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਭਾਰਤੀ ਫੌਜ ਨੇ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ‘ਤੇ ਜਵਾਬੀ ਕਾਰਵਾਈ ‘ਚ ਮੇਂਢਰ ਸੈਕਟਰ ਕੋਲ ਬਲਨੋਈ ਸਥਿਤ ਪਾਕਿਸਤਾਨੀ ਪੋਸਟ ਨੂੰ ਉੱਡਾ ਦਿੱਤਾ ਸੀ। ਭਾਰਤ ਦੀ ਇਸ ਜਵਾਬੀ ਕਾਰਵਾਈ ‘ਚ ਕਈ ਪਾਕਿਸਤਾਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਆਈ ਸੀ।