ਪ੍ਰਯਾਗਰਾਜ — ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ-ਉੱਤਰੀ ਪ੍ਰਦੇਸ਼ ਦੀ ਮੁਖੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪ੍ਰਯਾਗਰਾਜ ਵਿਚ ਬੜੇ ਹਨੂੰਮਾਨ ਦੇ ਦਰਸ਼ਨ ਕੀਤੇ ਅਤੇ ਗੰਗਾ ਦੀ ਆਰਤੀ ਕੀਤੀ। ਇਸ ਤੋਂ ਬਾਅਦ ਕਰੂਜ ਬੋਟ (ਕਿਸ਼ਤੀ) ਤੋਂ ਉਨ੍ਹਾਂ ਦੀ ਪ੍ਰਯਾਗਰਾਜ ਤੋਂ ਬਨਾਰਸ ਦੀ 3 ਦਿਨਾਂ ਯਾਤਰਾ ਸ਼ੁਰੂ ਹੋਈ।
ਕਰੂਜ ਬੋਟ ‘ਤੇ ਇਲਾਹਾਬਾਦ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ-ਵਿਦਿਆਰਥਣਾਂ ਅਤੇ ਕਾਂਗਰਸ ਦੇ ਕੁਝ ਨੇਤਾ ਮੌਜੂਦ ਸਨ। ਪ੍ਰਿਯੰਕਾ ਦਾ ਪ੍ਰੋਗਰਾਮ ਮਨੈਯਾ ਘਾਟ ਤੋਂ ਦੁਮਦੁਮਾ ਘਾਟ ਜਾਣ ਦਾ ਹੈ, ਜਿੱਥੇ ਉਹ ਸਥਾਨਕ ਨੇਤਾਵਾਂ ਅਤੇ ਲੋਕਾਂ ਨੂੰ ਮਿਲੇਗੀ। ਉੱਥੇ ਉਹ ਸਿਰਸਾ ਘਾਟ ਅਤੇ ਫਿਰ ਸੀਤਾਮੜ੍ਹੀ ਘਾਟ ਜਾਵੇਗੀ।
ਪ੍ਰਿਯੰਕਾ ਦੀ ਪ੍ਰਯਾਗਰਾਜ ਤੋਂ ਬਨਾਰਸ ਦੀ ਇਹ 3 ਦਿਨਾਂ ਯਾਤਰਾ 20 ਮਾਰਚ ਨੂੰ ਬਨਾਰਸ ਵਿਚ ਸੰਪੰਨ ਹੋਵੇਗੀ। ਦੇਸ਼ ਦੇ ਰਾਜਨੀਤਿਕ ਨਕਸ਼ੇ ਵਿਚ ਖਾਸ ਜਗ੍ਹਾ ਰੱਖਣ ਵਾਲੇ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਿਯੰਕਾ ਦੀ ਇਹ ਯਾਤਰਾ ਮਹੱਤਵਪੂਰਨ ਮੰਨੀ ਜਾ ਰਹੀ ਹੈ।