ਈਟਾਨਗਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਰੁਣਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ। ਈਟਾਨਗਰ ‘ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਨੇ ਲੋਕਾਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਪਰ ਬੀਤੇ 45 ਸਾਲਾਂ ‘ਚ ਸਭ ਤੋਂ ਵਧ ਬੇਰੋਜ਼ਗਾਰੀ ਅੱਜ ਦੇਸ਼ ‘ਚ ਹੈ। ਰਾਤ 12 ਵਜੇ ਪੀ.ਐੱਮ. ਡਰਾਮਾ ਕਰ ਕੇ ਜੀ.ਐੱਸ.ਟੀ. ਲਿਆਂਦੇ ਹਨ। ਰਾਹੁਲ ਨੇ ਜੀ.ਐੱਸ.ਟੀ. ਬਾਰੇ ਕਿਹਾ ਕਿ ਇਸ ਦੀ ਫੁੱਲ ਫਾਰਮ ਗੱਬਰ ਸਿੰਘ ਟੈਕਸ ਹੈ। ਜੀ.ਐੱਸ.ਟੀ. ਨੇ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰ ਦਿੱਤਾ ਹੈ। ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਅਸੀਂ ਜੀ.ਐੱਸ.ਟੀ. ਨੂੰ ਜੜ੍ਹੋਂ ਖਤਮ ਕਰ ਦੇਵਾਂਗੇ। ਰਾਹੁਲ ਨੇ ਰਾਫੇਲ ‘ਤੇ ਵੀ ਮੋਦੀ ਸਰਕਾਰ ਨੂੰ ਜੰਮ ਕੇ ਘੇਰਿਆ। ਰਾਹੁਲ ਨੇ ਕਿਹਾ ਕਿ ਅਸੀਂ ਘੱਟ ਪੈਸਿਆਂ ‘ਚ ਰਾਫੇਲ ਲਿਆ ਸਕਦੇ ਸੀ। ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਨੂੰ ਰਾਫੇਲ ਡੀਲ ਦੀ ਜਾਣਕਾਰੀ ਨਹੀਂ ਸੀ।
ਪੁਲਵਾਮਾ ਹਮਲੇ ਨੂੰ ਲੈ ਕੇ ਮੋਦੀ ਨੂੰ ਘੇਰਿਆ
ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਅਰੁਣਾਚਲ ਪ੍ਰਦੇਸ਼ ਅਤੇ ਹੋਰ ਪੂਰਬੀ-ਉੱਤਰੀ ਰਾਜਾਂ ਦਾ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਬਹਾਲ ਕੀਤਾ ਜਾਵੇਗਾ। ਕਾਂਗਰਸ ਅਰੁਣਾਚਲ ਪ੍ਰਦੇਸ਼ ਅਤੇ ਹੋਰ ਪੂਰਬੀ-ਉੱਤਰੀ ਰਾਜਾਂ ਦੀ ਭਾਸ਼ਾ, ਸੰਸਕ੍ਰਿਤੀ ਅਤੇ ਪਰੰਪਰਾ ‘ਤੇ ਕਦੇ ਵੀ ਹਮਲਾ ਨਹੀਂ ਕਰੇਗੀ। ਪੁਲਵਾਮਾ ਹਮਲੇ ‘ਤੇ ਵੀ ਰਾਹੁਲ ਗਾਂਧੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਪੁਲਵਾਮਾ ‘ਚ ਹਮਲਾ ਹੋਇਆ, ਮੈਂ ਆਪਣਾ ਪ੍ਰੋਗਰਾਮ ਰੱਦ ਕੀਤਾ, ਧਮਾਕਾ ਹੋਣ ਦੇ ਤੁਰੰਤ ਬਾਅਦ ਨਰੇਂਦਰ ਮੋਦੀ ਜਿਮ ਕਾਰਬੇਟ ਨੈਸ਼ਨਲ ਪਾਰਕ ‘ਚ ਆਪਣੀ ਪਿਕਚਰ ਬਣਾ ਰਹੇ ਸਨ। ਉੱਥੇ ਪੁਲਵਾਮਾ ‘ਚ ਜਵਾਨ ਸ਼ਹੀਦ ਹੋਏ ਅਤੇ ਪ੍ਰਧਾਨ ਮੰਤਰੀ 3.5 ਘੰਟੇ ਬਾਅਦ, ਮੇਕਅਪ ਲਗਾ ਕੇ ਵਾਲ ਬਣਾ ਕੇ ਪੋਜ਼ ਦੇ ਰਹੇ ਸਨ।