ਨਵੀਂ ਦਿੱਲੀ— ਕਾਂਗਰਸ ਨੇ ਭਾਜਪਾ ਦੀ ‘ਮੈਂ ਵੀ ਚੌਕੀਦਾਰ’ ਸੋਸ਼ਲ ਮੀਡੀਆ ਕੈਂਪੇਨ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਅੱਜ-ਕੱਲ ਚੌਕੀਦਾਰ ਦੀ ਚੋਰੀ ਦੀ ਦੇਸ਼ ਭਰ ‘ਚ ਚਰਚਾ ਹੈ। ਮੋਦੀ ਬਾਬਾ ਅਤੇ 40 ਚੋਰ ਆਪਣੇ ਨਾਂ ਅੱਗੇ ਚੌਕੀਦਾਰ ਲਗਾ ਕੇ ਬਹਿਰੂਪੀਆ ਬਣ ਕੇ ਫਿਰ ਤੋਂ ਦੇਸ਼ ਦੀ ਜਨਤਾ ਨੂੰ ਠੱਗਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਰਾਂਡ ਫਲਾਪ ਹੋਣ ਤੋਂ ਬਾਅਦ ਨਾਂ ਬਦਲ ਕੇ ਫਿਰ ਤੋਂ ਨਵਾਂ ਪ੍ਰੋਪੋਗੇਂਡਾ (ਪ੍ਰਸਾਰ) ਕਰਨ ਦੀ ਕੋਸ਼ਿਸ਼ ਹੁੰਦੀ ਹੈ। ਸੂਰਜੇਵਾਲਾ ਨੇ ਦੋਸ਼ ਲਗਾਇਆ ਕਿ ਮੋਦੀ ਜੀ ਦੀਆਂ ਅਸਫ਼ਲਤਾਵਾਂ ਨੂੰ ਲੁਕਾਉਣ ਲਈ ਵਾਰ-ਵਾਰ ਭਾਜਪਾ ਨੂੰ ਨਵੀਂ ਬ੍ਰਾਂਡਿੰਗ ਕਰਨੀ ਪੈ ਰਹੀ ਹੈ।
ਚੋਰੀ ਚੌਕੀਦਾਰ ਨੇ ਕੀਤੀ
ਕਾਂਗਰਸ ਬੁਲਾਰੇ ਸੂਰਜੇਵਾਲਾ ਨੇ ਮੋਦੀ ਸਰਕਾਰ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਲ-ਸਾਲ ਮੋਦੀ ਜੀ ਆਪਣੇ ਨਾਅਰੇ ਬਦਲ ਰਹੇ ਹਨ ਅਤੇ ਨਵੇਂ-ਨਵੇਂ ਨਾਅਰੇ ਦਿੱਤੇ ਜਾ ਰਹੇ ਹਨ ਪਰ ਸੱਚਾਈ ਕੁਝ ਹੋਰ ਹੈ, ਜਿਸ ਨੂੰ ਜਨਤਾ ਚੰਗੀ ਤਰ੍ਹਾਂ ਸਮਝ ਰਹੀ ਹੈ। ਉਹ ਹਾਰ ਤੋਂ ਘਬਰਾ ਅਤੇ ਬੌਖਲਾ ਗਏ ਹਨ, ਤਾਂ ਹੀ ਇਸ ਵਾਰ ‘ਮੈਂ ਵੀ ਚੌਕੀਦਾਰ’ ਦਾ ਨਾਅਰਾ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਚੋਰਾਂ ਦੇ ਚੌਕੀਦਾਰ ਹਨ ਅਤੇ ਨਵਾਂ ਢੋਂਗ ਰਚ ਰਹੇ ਹਨ। ਉਨ੍ਹਾਂ ਨੇ ਗਰੀਬਾਂ ਤੋਂ ਚੋਰੀ ਕਰ ਕੇ ਪੈਸਾ ਅਮੀਰਾਂ ਨੂੰ ਦੇਣ ਦੀ ਨੀਤੀ ਅਪਣਾਈ ਹੈ। ਰਣਦੀਪ ਸੁਰਜੇਵਾਲਾ ਨੇ ਦੋਸ਼ ਲਗਾਇਆ ਕਿ 5 ਸਾਲਾਂ ‘ਚ ਚੌਕੀਦਾਰ ਨੇ ਕਿਸਾਨ ਦੀ ਉੱਚਿਤ ਕੀਮਤ ਦੀ ਚੋਰੀ ਕੀਤੀ ਹੈ। ਮਹਿਲਾ ਸੁਰੱਖਿਆ ‘ਚ ਉਨ੍ਹਾਂ ਦੀ ਹਿੱਸੇਦਾਰੀ ਦੀ ਚੋਰੀ ਕੀਤੀ ਹੈ। ਨੌਜਵਾਨਾਂ ਤੋਂ ਉਨ੍ਹਾਂ ਦੀਆਂ ਨੌਕਰੀਆਂ ਚੋਰੀ ਕੀਤੀਆਂ, ਵਾਂਝੇ ਲੋਕਾਂ ਦੇ ਸਨਮਾਨ ਅਤੇ ਅਧਿਕਾਰ ਦੀ ਚੋਰੀ ਕੀਤੀ, ਛੋਟੇ ਕਾਰੋਬਾਰੀਆਂ ਦੇ ਵਪਾਰ ਦੀ ਚੋਰੀ ਚੌਕੀਦਾਰ ਨੇ ਕੀਤੀ ਹੈ।
ਮੋਦੀ ਖੁਦ ਨੂੰ ਸਮਝਦੇ ਹਨ ਭਗਵਾਨ
ਪ੍ਰਿਯੰਕਾ ਗਾਂਧੀ ਦੇ ਵਿੰਧਯਵਾਸਿਨੀ ਦੇਵੀ ਮੰਦਰ ‘ਚ ਦਰਸ਼ਨ ਦੌਰਾਨ ਮੋਦੀ-ਮੋਦੀ ਦੇ ਨਾਅਰੇ ਲੱਗਣ ਨੂੰ ਲੈ ਕੇ ਰਣਦੀਪ ਨੇ ਕਿਹਾ ਕਿ ਮੋਦੀ ਜੀ ਅਤੇ ਉਨ੍ਹਾਂ ਦੇ ਅੰਨ੍ਹੇ ਭਗਤ ਮੰਦਰ ਜਾਂ ਧਾਰਮਿਕ ਸਥਾਨ ‘ਚ ਵੀ ਰਾਜਨੀਤੀ ਤੋਂ ਬਾਜ ਨਹੀਂ ਆਉਂਦੇ। ਉਸ ਦਾ ਕਾਰਨ ਇਹ ਹੈ ਕਿ ਮੋਦੀ ਖੁਦ ਨੂੰ ਭਗਵਾਨ ਤੋਂ ਵੀ ਵੱਡਾ ਸਮਝਣ ਲੱਗੇ ਹਨ, ਉਹ ਧਰਮ ਨੂੰ ਨਹੀਂ ਸਮਝ ਰਹੇ। ਧਰਮ ਅਤੇ ਆਸਥਾ ਲੋਕਾਂ ਨੂੰ ਜੋੜਨ ਦਾ ਕੰਮ ਕਰਦੀ ਹੈ ਨਾ ਕਿ ਤੋੜਨ ਦਾ ਕੰਮ ਕਰਦੀ ਹੈ।