ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ ਦਾ ਹਜ਼ਾਰਾਂ ਕਰੋੜ ਰੁਪਏ ਡਕਾਰਨ ਤੋਂ ਬਾਅਦ ਦੇਸ਼ ਛੱਡ ਕੇ ਦੌੜੇ ਭਗੌੜੇ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਘਟਨਾਕ੍ਰਮ ਨੂੰ ਲੈ ਕੇ ਹੁਣ ਸਿਆਸਤ ਵੀ ਗਰਮਾਉਣ ਲੱਗੀ ਹੈ। ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਸ ਨੂੰ ਲੈ ਕੇ ਹੁਣ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਗੁਲਾਮ ਨਬੀ ਨੇ ਕਿਹਾ ਕਿ ਨੀਰਵ ਮੋਦੀ ਨੂੰ ਦੇਸ਼ ਤੋਂ ਦੌੜਾਉਣ ‘ਚ ਭਾਜਪਾ ਨੇ ਹੀ ਮਦਦ ਕੀਤੀ ਸੀ। ਹੁਣ ਉਹ ਹੀ ਉਸ ਨੂੰ ਵਾਪਸ ਲਿਆ ਰਹੇ ਹਨ। ਭਾਜਪਾ ਨੀਰਵ ਨੂੰ ਚੋਣਾਂ ਕਾਰਨ ਵਾਪਸ ਲਿਆ ਰਹੀ ਹੈ। ਚੋਣਾਂ ਤੋਂ ਬਾਅਦ ਉਹ ਉਸ ਨੂੰ ਵਾਪਸ ਭੇਜ ਦੇਣਗੇ।
ਨੀਲਾਮ ਹੋਵੇਗੀ ਜਾਇਦਾਦ
ਜ਼ਿਕਰਯੋਗ ਹੈ ਕਿ ਲੰਡਨ ਦੀ ਪੁਲਸ ਨੇ ਮੰਗਲਵਾਰ ਨੂੰ ਨੀਰਵ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬੁੱਧਵਾਰ ਨੂੰ ਲੰਡਨ ਦੀ ਕੋਰਟ ‘ਚ ਨੀਰਵ ਦੀ ਪੇਸ਼ੀ ਹੋ ਸਕਦੀ ਹੈ। ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ‘ਤੇ ਪੰਜਾਬ ਨੈਸ਼ਨਲ ਬੈਂਕ ‘ਚ 13 ਹਜ਼ਾਰ ਕਰੋੜ ਤੋਂ ਵਧ ਦਾ ਘਪਲਾ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਦੇਸ਼ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕੋਰਟ ਤੋਂ ਨੀਰਵ ਮੋਦੀ ਦੀ ਜ਼ਬਤ ਕੀਤੀ ਗਈ ਜਾਇਦਾਦ ਨੂੰ ਨੀਲਾਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਈ.ਡੀ. ਹੁਣ ਨੀਰਵ ਮੋਦੀ ਦੀਆਂ 11 ਮਹਿੰਗੀਆਂ ਕਾਰਾਂ, 173 ਪੇਂਟਿੰਗਜ਼ ਦੀ ਨੀਲਾਮੀ ਕਰ ਸਕੇਗਾ।