ਜਲੰਧਰ — ਸਟਿੰਗ ਆਪਰੇਸ਼ਨ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਖਿਲਾਫ ਭਾਜਪਾ-ਅਕਾਲੀ ਵਰਕਰਾਂ ਨੇ ਅੱਜ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਅਕਾਲੀ-ਭਾਜਪਾ ਆਗੂਆਂ ਨੇ ਸੰਸਦ ਚੌਧਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ‘ਚ ਭਾਜਪਾ ਨੇਤਾ ਮਨੋਰੰਜਨ ਕਾਲੀਆ, ਸਾਬਕਾ ਮੇਅਰ ਰਾਕੇਸ਼ ਰਾਠੌਰ, ਕਮਲਜੀਤ ਸਿੰਘ ਭਾਟੀਆ ਅਤੇ ਹੋਰ ਆਗੂ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਇਕ ਸਟਿੰਗ ਆਪਰੇਸ਼ਨ ਇਕ ਨਿੱਜੀ ਟੀ. ਵੀ. ਚੈਨਲ ‘ਤੇ ਦਿਖਾਇਆ ਗਿਆ ਸੀ ਜਿਸ ‘ਚ ਉਹ ਕਹਿ ਰਹੇ ਹਨ ਕਿ ਤੁਸੀਂ ਸਾਨੂੰ ਪੈਸੇ ਦਿਓ, ਅਸੀਂ ਤੁਹਾਨੂੰ ਫੇਵਰ ਦੇਵਾਂਗੇ। ਵੀਡੀਓ ‘ਚ ਸੰਤੋਖ ਚੌਧਰੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਨੋਟਬੰਦੀ ਤੋਂ ਬਾਅਦ ਨਕਦੀ ਦਾ ਸੰਕਟ ਬਣ ਗਿਆ ਹੈ। ਕੋਈ ਵੀ ਆਗੂ ਖਤਰਾ ਲੈਣ ਨੂੰ ਤਿਆਰ ਨਹੀਂ ਹੈ। ਵਸੂਲੀ ਦੀ ਪ੍ਰਕਿਰਿਆ ਹੁਣ ਡਿਜ਼ੀਟਲ ਹੋ ਗਈ ਹੈ, ਜੋ ਸਮਝੌਤਿਆਂ ਦੀ ਪਿਛਲੀ ਪ੍ਰਕਿਰਿਆ ਨਾਲੋਂ ਕਾਫੀ ਵੱਖਰੀ ਹੈ, ਜਿਸ ਦੇ ਤਹਿਤ ਪੈਸਿਆਂ ਦਾ ਲੈਣ-ਦੇਣ ਆਸਾਨੀ ਨਾਲ ਹੋ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਸੀ ਕਿ ਜਿਸ ਦੇ ਕੋਲ ਗੈਰ-ਕਾਨੂੰਨੀ ਆਮਦਨ ਦੇ ਸਾਧਨ ਹਨ, ਉਨ੍ਹਾਂ ਦੇ ਕੋਲ ਤਾਂ ਪੈਸਾ ਹੈ ਪਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਤੋਂ ਬਾਅਦ ਆਗੂਆਂ ਦੇ ਕੋਲ ਕੁਝ ਨਹੀਂ ਰਿਹਾ।
ਉਥੇ ਹੀ ਸਟਿੰਗ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਤੋਖ ਚੌਧਰੀ ਨੇ ਕਿਹਾ ਸੀ ਕਿ ਇਕ ਵਿਕਾਊ ਮੀਡੀਆ ਹਾਊਸ ਨੇ ਵਿਕਾਊ ਕੰਮ ਕਰਵਾਇਆ ਹੈ। ਇਸ ਨਕਲੀ ਸਟਿੰਗ ਆਪਰੇਸ਼ਨ ‘ਚ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਨੇ ਸੱਚਾਈ ਦੱਸਦੇ ਹੋਏ ਕਿਹਾ ਸੀ ਕਿ ਅਸਲ ‘ਚ ਗੱਲਾਂ ਕਿਸੇ ਹੋਰ ਵਿਸ਼ੇ ‘ਤੇ ਹੋਈਆਂ ਸਨ, ਜਿਨ੍ਹਾਂ ਨੂੰ ਉਸ ‘ਚੋਂ ਕੱਟ ਦਿੱਤਾ ਗਿਆ।