ਕਾਬੁਲ — ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ ਵਿਚ ਨਵੇਂ ਸਾਲ ਦੇ ਮੌਕੇ ਮਨਾਏ ਜਾ ਰਹੇ ਜਸ਼ਨ ਦੌਰਾਨ ਵੀਰਵਾਰ ਨੂੰ ਇਕ ਧਾਰਮਿਕ ਜਗ੍ਹਾ ‘ਤੇ ਸਿਲਸਿਲੇਵਾਰ ਤਿੰਨ ਧਮਾਕੇ ਹੋਏ। ਇਨ੍ਹਾਂ ਧਮਾਕਿਆਂ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ।
ਇਹ ਧਮਾਕੇ ਕਿਸ ਤਰ੍ਹਾਂ ਦੇ ਸਨ ਇਸ ਬਾਰੇ ਹਾਲੇ ਪਤਾ ਨਹੀਂ ਚੱਲਿਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਰਤੇ ਸਖੀ ਖੇਤਰ ਦੇ ਆਲੇ-ਦੁਆਲੇ ਘੱਟੋ-ਘੱਟ ਤਿੰਨ ਵਾਰ ਮੋਰਟਾਰ ਦਾਗੇ ਗਏ। ਅਫਗਾਨ ਜਨਤਕ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਧਮਾਕਿਆਂ ਵਿਚ 6 ਲੋਕਾਂ ਦੇ ਮਾਰੇ ਜਾਣ ਅਤੇ 23 ਹੋਰ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ।
ਘਟਨਾ ਮਗਰੋਂ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਲਿਜਾਇਆ ਗਿਆ। ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿਚ ਸ਼ਿਫਟ ਕੀਤਾ ਗਿਆ ਹੈ। ਹਾਲੇ ਤੱਕ ਕਿਸੇ ਵਿਅਕਤੀ ਜਾਂ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।