ਸ਼ਾਹਰੁਖ਼ ਖ਼ਾਨ ਦੀ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਜ਼ੀਰੋ ਫ਼ਲੌਪ ਸਿੱਧ ਹੋਈ। ਉਸ ਤੋਂ ਪਹਿਲਾਂ ਵੀ ਸ਼ਾਹਰੁਖ਼ ਦੀਆਂ ਇੱਕ-ਦੋ ਫ਼ਿਲਮਾਂ ਕਾਮਯਾਬ ਨਹੀਂ ਸਨ ਹੋਈਆਂ। ਹੁਣ ਸ਼ਾਹਰੁਖ਼ ਇੱਕ ਅਜਿਹੀ ਫ਼ਿਲਮ ਦੀ ਤਲਾਸ਼ ‘ਚ ਹੈ ਜੋ ਉਸ ਦੇ ਸਟਾਰਡਮ ਨੂੰ ਉੱਚਾ ਚੁੱਕ ਸਕੇ। ਦੂਜੇ ਪਾਸੇ ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਲਗਾਤਾਰ ਸਫ਼ਲ ਹੋ ਰਹੀਆਂ ਹਨ, ਇਸ ਲਈ ਆਉਣ ਵਾਲੇ ਸਮੇਂ ‘ਚ ਸ਼ਾਹਰੁਖ਼ ਖ਼ਾਨ ਅਕਸ਼ੇ ਦੀ ਮਦਦ ਲੈ ਸਕਦਾ ਹੈ।
ਜਾਣਕਾਰੀ ਮਿਲੀ ਹੈ ਕਿ ਅਕਸ਼ੇ ਅਤੇ ਸ਼ਾਹਰੁਖ਼ ਸੁਪਰਹਿੱਟ ਮਲਿਆਲਮ ਫ਼ਿਲਮ ਕੋਡਥੀ ਸਮਕਸ਼ਮ ਬਾਲਨ ਵਕੀਲ ‘ਚ ਨਜ਼ਰ ਆ ਸਕਦੇ ਹਨ। ਇਸ ਤੋਂ ਪਹਿਲਾਂ ਇਹ ਦੋਹੇਂ ਸਟਾਰ 1997 ‘ਚ ਰਿਲੀਜ਼ ਹੋਈ ਫ਼ਿਲਮ ਦਿਲ ਤੋ ਪਾਗਲ ਹੈ ‘ਚ ਇਕੱਠੇ ਨਜ਼ਰ ਆਏ ਸਨ। ਓਰਿਜਨਲ ਮਲਿਆਲਮ ਫ਼ਿਲਮ ਨੂੰ ਊਨੀ ਕ੍ਰਿਸ਼ਨਨ ਨੇ ਡਾਇਰੈਕਟ ਕੀਤਾ ਸੀ, ਅਤੇ ਡਾਇਰੈਕਟਰ ਨੇ ਉਸ ਦੀ ਰੀਮੇਕ ਫ਼ਿਲਮ ਲਈ ਸ਼ਾਹਰੁਖ਼ ਅਤੇ ਅਕਸ਼ੇ ਨਾਲ ਗੱਲਬਾਤ ਕੀਤੀ ਹੈ।
ਡਾਇਰੈਕਟਰ ਕ੍ਰਿਸ਼ਨਨ ਨੇ ਦੱਸਿਆ ਕਿ ਵਾਈਕੌਮ ਪ੍ਰੋਡਕਸ਼ਨ ਹਾਊਸ ਮੇਰੀ ਇਸ ਫ਼ਿਲਮ ਦਾ ਹਿੰਦੀ ਰੀਮੇਕ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ। ਅਜੇ ਗੱਲਬਾਤ ਸ਼ੁਰੂਆਤੀ ਦੌਰ ‘ਚ ਹੀ ਹੈ। ਕ੍ਰਿਸ਼ਨਨ ਨੇ ਮੰਨਿਆ ਕਿ ਉਨ੍ਹਾਂ ਨੇ ਅਕਸ਼ੇ ਕੁਮਾਰ ਅਤੇ ਸ਼ਾਹਰੁਖ਼ ਨਾਲ ਗੱਲ ਕੀਤੀ ਹੈ। ਦੂਜੇ ਪਾਸੇ, 21 ਮਾਰਚ ਨੂੰ ਅਕਸ਼ੇ ਦੀ ਫ਼ਿਲਮ ਕੇਸਰੀ ਰਿਲੀਜ਼ ਹੋਵੇਗੀ। ਅਕਸ਼ੇ ਇਸ ਸਮੇਂ ਗੁੱਡ ਨਿਊਜ਼ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਇਸ ਤੋਂ ਬਾਅਦ ਉਹ ਸੂਰਯਾਵੰਸ਼ੀ ਦੀ ਸ਼ੂਟਿੰਗ ਕਰੇਗਾ। ਇਸ ਨੂੰ ਰੋਹਿਤ ਸ਼ੈੱਟੀ ਡਾਇਰੈਕਟ ਕਰ ਰਿਹਾ ਹੈ। ਰੋਹਿਤ ਅਤੇ ਅਕਸ਼ੇ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ।