ਕਰੀਨਾ ਨੇ ਇਰਫ਼ਾਨ ਖ਼ਾਨ ਦੀ ਅਗਲੀ ਸੀਕੁਅਲ ਇੰਗਲਿਸ਼ ਮੀਡੀਅਮ ਨੂੰ ਘੱਟ ਪੈਸਿਆਂ ਕਾਰਨ ਇਨਕਾਰ ਕਰ ਦਿੱਤਾ ਹੈ …
ਕਰੀਨਾ ਕਪੂਰ ਨੇ ਹਿੰਦੀ ਮੀਡੀਅਮ ਦੇ ਸੀਕੁਅਲ ਇੰਗਲਿਸ਼ ਮੀਡੀਅਮ ‘ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਿੰਦੀ ਮੀਡੀਅਮ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਭੂਸ਼ਣ ਕੁਮਾਰ ਅਤੇ ਦਿਨੇਸ਼ ਨਿਰੰਜਨ ਨੇ ਇਸ ਦੇ ਸੀਕੁਅਲ ਦਾ ਐਲਾਨ ਕੀਤਾ ਸੀ। ਫ਼ਿਲਮ ‘ਚ ਇਰਫ਼ਾਨ ਖ਼ਾਨ ਇਸ ਵਾਰ ਵੀ ਮੁੱਖ ਭੂਮਿਕਾ ਨਿਭਾਏਗਾ। ਫ਼ਿਲਮ ਦੇ ਸੀਕਵਲ ਨੂੰ ਲੈ ਕੇ ਇਰਫ਼ਾਨ ਕਾਫ਼ੀ ਉਤਸ਼ਾਹਿਤ ਸੀ, ਪਰ ਕੈਂਸਰ ਦਾ ਸ਼ਿਕਾਰ ਹੋ ਜਾਣ ਕਾਰਨ ਉਸ ਨੂੰ ਇਲਾਜ ਲਈ ਨਿਊ ਯੌਰਕ ਜਾਣਾ ਪਿਆ। ਹੁਣ ਇਲਾਜ ਮਗਰੋਂ ਉਹ ਭਾਰਤ ਪਰਤ ਆਇਆ ਹੈ। ਜਲਦੀ ਹੀ ਉਹ ਇਸ ਸੀਕੁਅਲ ਦੀ ਸ਼ੂਟਿੰਗ ਸ਼ੁਰੂ ਕਰੇਗਾ।
ਉਸ ਦੀ ਸਿਹਤ ਬਾਰੇ ਉਸ ਦੇ ਇੱਕ ਦੋਸਤ ਨੇ ਵੀ ਕਿਹਾ ਹੈ ਕਿ ਹੁਣ ਇਰਫ਼ਾਨ ਠੀਕ ਹੈ ਅਤੇ ਉਹ ਜਲਦੀ ਪਰਦੇ ‘ਤੇ ਵਾਪਸੀ ਕਰੇਗਾ। ਦੂਜੇ ਪਾਸੇ ਚਰਚਾ ਹੈ ਕਿ ਇਸ ਸੀਕੁਅਲ ‘ਚ ਉਸ ਨਾਲ ਕਰੀਨਾ ਕਪੂਰ ਖ਼ਾਨ ਨੂੰ ਲਿਆ ਗਿਆ ਸੀ। ਕਰੀਨਾ ਇਰਫ਼ਾਨ ਖ਼ਾਨ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਕਰੀਨਾ ਨੇ ਇਸ ਫ਼ਿਲਮ ਨੂੰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ ਫ਼ਿਲਮ ਦੀ ਸਕ੍ਰਿਪਟ ਪਸੰਦ ਸੀ ਪਰ ਫ਼ੀਸ ਨੂੰ ਲੈ ਕੇ ਨਿਰਮਾਤਾਵਾਂ ਨਾਲ ਗੱਲ ਨਹੀਂ ਬਣੀ। ਇਸ ਲਈ ਉਸ ਨੇ ਇਹ ਫ਼ਿਲਮ ਛੱਡ ਦਿੱਤੀ ਹੈ।
ਚਰਚਾ ਹੈ ਕਿ ਕਰੀਨਾ ਨੇ ਫ਼ਿਲਮ ਲਈ ਅੱਠ ਕਰੋੜ ਰੁਪਏ ਮੰਗੇ ਸਨ, ਪਰ ਫ਼ਿਲਮ ਨਿਰਮਾਤਾ ਉਸ ਨੂੰ ਪੰਜ ਕਰੋੜ ਰੁਪਏ ਹੀ ਦੇਣ ਲਈ ਤਿਆਰ ਸਨ। ਕਰੀਨਾ ਨੇ ਇਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ। ਹੁਣ ਨਿਰਮਾਤਾ ਇਸ ਫ਼ਿਲਮ ਦੇ ਸੀਕੁਅਲ ਲਈ ਕਿਸੇ ਹੋਰ ਅਭਿਨੇਤਰੀ ਦੀ ਭਾਲ ‘ਚ ਹਨ। ਪਹਿਲਾਂ ਰਾਧਿਕਾ ਆਪਟੇ ਦਾ ਨਾਂ ਵੀ ਇਸ ਫ਼ਿਲਮ ਲਈ ਚਰਚਾ ‘ਚ ਸੀ। ਖ਼ੈਰ, ਕਰੀਨਾ ਇਸ ਵਕਤ ਅਕਸ਼ੇ ਕੁਮਾਰ ਨਾਲ ਗੁੱਡ ਨਿਊਜ਼ ਦੀ ਸ਼ੂਟਿੰਗ ‘ਚ ਰੁੱਝੀ ਹੈ। ਇਸ ਫ਼ਿਲਮ ‘ਚ ਕਿਆਰਾ ਆਡਵਾਨੀ ਅਤੇ ਦਿਲਜੀਤ ਦੋਸਾਂਝ ਵੀ ਨਜ਼ਰ ਆਉਣਗੇ।