ਬੱਚੇ ਹੋਣ ਜਾਂ ਵੱਡੇ, ਅੰਡੇ ਸਾਰਿਆਂ ਨੂੰ ਹੀ ਪਸੰਦ ਹੁੰਦੇ ਹਨ। ਤੁਸੀਂ ਹੁਣ ਤਕ ਅੰਡਿਆਂ ‘ਚ ਹਾਫ਼ ਫ਼੍ਰਾਈਡ ਆਮਲੈੱਟਸ, ਉਬਲੇ ਅੰਡੇ ਅਤੇ ਉਨ੍ਹਾਂ ਦੀ ਭੂਰਜੀ ਆਦਿ ਖਾਧੇ ਹੋਣਗੇ, ਪਰ ਜੇ ਤੁਸੀਂ ਅੰਡੇ ਅਜਿਹੇ ਰੂਪ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਕੁੱਝ ਵੱਖਰਾ ਟ੍ਰਾਈ ਕਰੋ। ਚਲੋ ਇਸ ਹਫ਼ਤੇ ਅਸੀਂ ਤੁਹਾਨੂੰ ਸਨੈਕਸ ‘ਚ ਐੱਗ ਪਫ਼ਸ ਬਣਾਉਣ ਦੀ ਰੈਸਿਪੀ ਬਾਰੇ ਦੱਸਦੇ ਹਾਂ।
ਸਮੱਗਰੀ
ਮੈਦਾ 300 ਗ੍ਰਾਮ
ਨਮਕ ਇੱਕ ਚੱਮਚ
ਮੱਖਣ ਇੱਕ ਚੱਮਚ
ਪਾਣੀ 110 ਮਿਲੀਲੀਟਰ
ਤੇਲ ਦੋ ਚੱਮਚ
ਜ਼ੀਰਾ ਇੱਕ ਚੱਮਚ
ਪਿਆਜ਼ 35 ਗ੍ਰਾਮ
ਹਲਦੀ ਅੱਧਾ ਚੱਮਚ
ਲਾਲ ਮਿਰਚ ਅੱਧਾ ਚੱਮਚ
ਚਨਾ ਮਸਾਲਾ ਇੱਕ ਚੱਮਚ
ਉਬਲੇ ਅੰਡੇ 4
ਮੈਦਾ ਧੂੜ ਲਈ
ਮੱਖਣ ਬਰੱਸ਼ ਕਰਨ ਲਈ
ਬਣਾਉਣ ਦੀ ਵਿਧੀ
ਇੱਕ ਬੌਲ ‘ਚ 300 ਗ੍ਰਾਮ ਮੈਦਾ, ਇੱਕ ਚੱਮਚ ਨਮਕ, ਇੱਕ ਚੱਮਚ ਮੱਖਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫ਼ਿਰ ਇਸ ਵਿੱਚ 110 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਨਰਮ ਕਰ ਕੇ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 20 ਮਿੰਟ ਲਈ ਇੱਕ ਸਾਈਡ ਰੱਖ ਦਿਓ। ਹੁਣ ਇੱਕ ਪੈਨ ‘ਚ ਦੋ ਚੱਮਚ ਤੇਲ ਗਰਮ ਕਰ ਕੇ, ਉਸ ਵਿੱਚ ਇੱਕ ਚੱਮਚ ਜ਼ੀਰਾ ਪਾ ਕੇ ਘੱਟ ਗੈਸ ‘ਤੇ ਹਲਕਾ ਭੁੰਨ ਲਓ।
ਹੁਣ ਇਸ ‘ਚ 35 ਗ੍ਰਾਮ ਪਿਆਜ਼ ਪਾਓ ਅਤੇ ਹਲਕਾ ਜਿਹਾ ਭੁੰਨ ਲਓ। ਉਸ ਤੋਂ ਬਾਅਦ ਉਸ ‘ਚ ਅੱਧਾ ਚੱਮਚ ਹਲਦੀ, ਇੱਕ ਚੱਮਚ ਨਮਕ, ਅੱਧਾ ਚੱਮਚ ਲਾਲ ਮਿਰਚ ਅਤੇ ਇੱਕ ਚੱਮਚ ਚਨਾ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫ਼ਿਰ ਇਸ ਤਿਆਰ ਮਿਸ਼ਰਣ ‘ਚ ਚਾਰ ਉਬਲੇ ਅੰਡੇ ਵਿੱਚੋਂ ਕੱਟ ਕੇ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
ਇਸ ‘ਚ ਗੁੰਨ੍ਹੇ ਹੋਏ ਆਟੇ ਨੂੰ ਪੇੜੇ ਦੀ ਤਰ੍ਹਾਂ ਰੋਲ ਕਰੋ ਅਤੇ ਮੋਟੀ ਰੋਟੀ ਦੇ ਆਕਾਰ ‘ਚ ਵੇਲ ਕੇ ਬਰੱਸ਼ ਦੀ ਮਦਦ ਨਾਲ ਮੱਖਣ ਲਗਾ ਕੇ ਇਸ ‘ਤੇ ਸੁੱਕਾ ਮੈਦਾ ਛਿੜਕ ਦਿਓ। ਫ਼ਿਰ ਇਸ ਦੇ ਦੋਹਾਂ ਸਿਰਿਆ ਨੂੰ ਫ਼ਲੋਡ ਕਰੋ ਅਤੇ ਫ਼ਿਰ ਤੋਂ ਮੱਖਣ ਲਗਾ ਕੇ ਇਸ ‘ਤੇ ਸੁੱਕਾ ਮੈਦਾ ਛਿੜਕ ਕੇ ਫ਼ੋਲਡ ਕਰ ਲਓ। ਇਸ ਪ੍ਰਕਿਰਿਆ ਨੂੰ ਇੱਕ ਵਾਰ ਫ਼ਿਰ ਤੋਂ ਦੁਹਰਾਓ। ਫ਼ਿਰ ਇਸ ਨੂੰ ਵੇਲ ਕੇ ਲੰਬੇ ਆਇਤ ਆਕਾਰ ‘ਚ ਕੱਟ ਲਓ।
ਇਸ ਦੇ ਉੱਪਰ ਪਹਿਲਾਂ ਤੋਂ ਤਿਆਰ ਮਿਸ਼ਰਣ ਨਾਲ ਅੰਡਾ ਦਾ ਅੱਧਾ ਟੁੱਕੜਾ ਰੱਖੋ ਅਤੇ ਕੋਨਿਆਂ ਨੂੰ ਫ਼ੜ ਕੇ ਇਕੱਠਾ ਕਰ ਕੇ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ ਤਾਂ ਕਿ ਪਕਾਉਂਦੇ ਸਮੇਂ ਖੁਲ੍ਹ ਨਾ ਜਾਵੇ। ਇਸ ਤੋਂ ਬਾਅਦ ਇਸ ਨੂੰ 350 ਡਿਗਰੀ ਫ਼ੈਰਨਹਾਈਟ/180 ਡਿਗਰੀ ਸੈੱਲਸਿਅਸ ਤਕ ਅਵਨ ‘ਚ 20 ਤੋਂ 25 ਮਿਨਟ ਤਕ ਸੇਕ ਲਓ। ਤੁਹਾਡਾ ਇੱਕ ਐੱਗ ਪਫ਼ ਬਣ ਕੇ ਤਿਆਰ ਹੈ, ਉਸ ਨੂੰ ਗਰਮਾ-ਗਰਮ ਸਰਵ ਕਰੋ।