ਸੰਗਰੂਰ : ਪਿਛਲੇ ਚਾਰ ਦਿਨਾਂ ਤੋਂ ਜ਼ਿਲਾ ਸੰਗਰੂਰ ਦੇ ਧੂਰੀ ਵਿਚ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਮਿੱਲ ਦੇ ਬਾਹਰ ਕਿਸਾਨਾਂ ਦਾ ਚੱਲ ਰਿਹਾ ਮਰਨ ਵਰਤ ਅਜੇ ਵੀ ਜਾਰੀ ਹੈ। ਅੱਜ ਇਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਲਈ ‘ਆਪ’ ਦੇ ਦਿੜ੍ਹਬਾ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਪੁੱਜੇ ਅਤੇ ਉਨ੍ਹਾਂ ਨੇ ਜਲਦੀ ਹੀ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਚੁੱਕਣ ਦਾ ਭਰੋਸਾ ਦਿੱਤਾ।
ਇਸ ਮੌਕੇ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬਜਾਏ ਮਿੱਲ ਪ੍ਰਬੰਧਕਾਂ ਦਾ ਪੱਖ ਲੈ ਰਹੀ ਹੈ ਕਿਉਂਕਿ ਮਿੱਲ ਚਲਾਉਣ ਵਾਲੇ ਵੱਡੇ ਰਾਜਸੀ ਲੋਕ ਹੈ, ਜਦੋਂਕਿ ਕਿਸਾਨਾਂ ਨੂੰ ਧੱਕੇ ਖਾਣ ਲਈ ਸੜਕਾਂ ‘ਤੇ ਛੱਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਵੀ ਇਹ ਮੁੱਦਾ ਵਿਧਾਨ ਸਭਾ ਵਿਚ ਉਠਾ ਚੁੱਕੀ ਹੈ ਅਤੇ ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਕੋਲ ਇਹ ਮੁੱਦਾ ਚੁੱਕਣਗੇ।
ਇਸ ਮੌਕੇ ਕਿਸਾਨਾਂ ਦਾ ਸਾਥ ਦੇ ਰਹੀ ਸਹਿਯੋਗੀ ਜਥੇਬੰਦੀ ਦੇ ਪ੍ਰਤੀਨਿੱਧੀ ਨੇ ਵੀ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।