ਨਵੀਂ ਦਿੱਲੀ – ਵਿਸ਼ਵ ਕੱਪ 2019 ਲਈ ਟਿਕਟਾਂ ਦੀ ਵਿਕ੍ਰੀ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ। 21 ਮਾਰਚ ਵੀਰਵਾਰ ਤੋਂ ਕ੍ਰਿਕਟ ਫ਼ੈਨਜ਼ ਵਿਸ਼ਵ ਕੱਪ ਲਈ ਟਿਕਟਾਂ ਦੀ ਬੁਕਿੰਗ ਕਰਾ ਸਕਦੇ ਹਨ। ਵਿਸ਼ਵ ਕੱਪ ਵਿੱਚ ਹਰ ਮੈਚ ਬੇਹੱਦ ਮਹੱਤਵਪੂਰਣ ਹੁੰਦਾ ਹੈ ਕਿਉਂਕਿ ਕ੍ਰਿਕਟ ਪ੍ਰਸ਼ੰਸਕ ਆਪਣੀ ਟੀਮ ਤੋਂ ਇਲਾਵਾ ਦੂਜੀਆਂ ਟੀਮਾਂ ਦੀ ਸਥਿਤੀ ਅਤੇ ਮੈਚ ਦੇਖਣ ਲਈ ਵੀ ਬੇਚੈਨ ਰਹਿੰਦੇ ਹਨ। ਇੰਗਲੈਂਡ ਵਿੱਚ ਸਟੇਡੀਅਮ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਛੋਟੇ ਹਨ, ਅਜਿਹੇ ‘ਚ ਟਿਕਟਾਂ ਲਈ ਫ਼ੈਨਜ਼ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ।
ਇਸ ਵਾਰ ਵਿਸ਼ਵ ਕੱਪ ਵਿੱਚ ਵਿਕ੍ਰੀ ਲਈ ਅੱਠ ਲੱਖ ਟਿਕਟਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਨੂੰ ਖ਼ਰੀਦਣ ਲਈ ਕਰੀਬ 30 ਲੱਖ ਤੋਂ ਵੱਧ ਐਪਲੀਕੇਸ਼ਨਾਂ ਆ ਚੁੱਕੀਆਂ ਹਨ। ICC ਨੇ ਆਪਣੀ ਵੈੱਬਸਾਈਟ ਦੇ ਜ਼ਰੀਏ ਇਸ ਗੱਲ ਦੀ ਸੂਚਨਾ ਦਿੱਤੀ ਹੈ। ICC ਮੁਤਾਬਿਕ ਵੈੱਬਸਾਈਟ ‘ਤੇ ਪਹਿਲਾਂ ਆਉਣ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਪਹਿਲਾਂ ਆਓ, ਪਹਿਲਾਂ ਪਾਓ ਵਾਲੀ ਨੀਤੀ ਦੇ ਆਧਾਰ ‘ਤੇ ਫ਼ੈਨਜ਼ ਨੂੰ ਟਿਕਟਾਂ ਵੰਡੀਆਂ ਜਾਣਗੀਆਂ। ਉੱਥੇ 16 ਜੂਨ ਨੂੰ ਮੈਨਚੈਸਟਰ ਦੇ ਮੈਦਾਨ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਲਈ ਸਭ ਤੋਂ ਵੱਧ ਐਪਲੀਕੇਸ਼ਨਜ਼ ਭੇਜੇ ਗਏ ਹਨ।
ਦੂਜੇ ਮੈਚਾਂ ਦੀ ਤੁਲਨਾ ਵਿੱਚ ਇਸ ਮੁਕਾਬਲੇ ਲਈ ਟਿਕਟਾਂ ਦੀ ਜ਼ਬਰਦਸਤ ਡਿਮੈਂਡ ਹੈ। ਜਿਸ ਸਟੇਡੀਅਮ ਵਿੱਚ ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਏਗਾ, ਉੱਥੇ 25 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਜਗ੍ਹਾ ਹੈ, ਪਰ ਇਸ ਮੈਚ ਲਈ ਹੁਣ ਤਕ 4 ਲੱਖ ਤੋਂ ਵੱਧ ਲੋਕਾਂ ਦੇ ਐਪਲੀਕੇਸ਼ਨਾਂ ਆ ਚੁੱਕੀਆਂ ਹਨ। ਉਧਰ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਕੌਮਾਂਤਰੀ ਕ੍ਰਿਕਟ ਪਰੀਸ਼ਦ ਦੇ CEO ਡੇਵ ਰਿਚਰਡਸਨ ਨੇ ਕਿਹਾ ਕਿ ਵਿਸ਼ਵ ਕੱਪ ਵਿੱਚ ਭਾਰਤ-ਪਾਕਿਸਤਾਨ ਦੇ ਵੱਕਾਰੀ ਮੁਕਾਬਲੇ ‘ਤੇ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਦਿਸਦਾ ਕਿਉਂਕਿ ਦੋਹੇਂ ਟੀਮਾਂ ICC ਦੇ ਕਰਾਰ ਨਾਲ ਬੱਝੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ICC ਟੂਰਨਾਮੈਂਟਾਂ ਲਈ ਸਾਰੀਆਂ ਟੀਮਾਂ ਨੇ ਮੈਂਬਰਸ਼ਿਪ ਹਿੱਸੇਦਾਰੀ ‘ਤੇ ਹਸਤਾਖਰ ਕੀਤੇ ਹਨ ਜਿਸ ਦੇ ਤਹਿਤ ਉਨ੍ਹਾਂ ਨੂੰ ਟੂਰਨਾਮੈਂਟ ਦੇ ਸਾਰੇ ਮੈਚ ਖੇਡਣੇ ਹੋਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਖੇਡਾਂ ਦੀਆਂ ਸ਼ਰਤਾਂ ਮੁਤਾਬਿਕ ਦੂਜੀ ਟੀਮ ਨੂੰ ਅੰਕ ਦੇ ਦਿੱਤੇ ਜਾਣਗੇ। ਦੱਸ ਦਈਏ ਕਿ ਭਾਰਤੀ ਕ੍ਰਿਕਟ ਦਾ ਸੰਚਾਲਨ ਕਰ ਰਹੀ ਪ੍ਰਬੰਧਕਾਂ ਦੀ ਕਮੇਟੀ ਨੇ ICC ਨੂੰ ਪੱਤਰ ਲਿੱਖ ਕੇ ਮੰਗ ਕੀਤੀ ਸੀ ਕਿ ਅਤਿਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਦਾ ਬਹਿਸ਼ਕਾਰ ਕੀਤਾ ਜਾਏ।