ਮੁੰਬਈ – ਪਿਛਲੇ ਲਗਭਗ ਦੋ ਸਾਲਾਂ ਤੋਂ ਭਾਰਤੀ ਸੀਮਿਤ ਓਵਰ ਦੀ ਟੀਮ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਚੱਲ ਰਹੇ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਕਿਹਾ ਹੈ ਕਿ ਉਹ ਇਸ ਫ਼ੌਰਮੈਟ ਲਈ ਕੋਈ ਅਨਾੜੀ ਨਹੀਂ। ਅਨੁਭਵੀ ਅਤੇ ਸਫ਼ਲ ਗੇਂਦਬਾਜ਼ਾਂ ‘ਚ ਸ਼ਾਮਿਲ ਅਸ਼ਵਿਨ, ਲੰਬੇ ਸਮੇਂ ਤੋਂ ਭਾਰਤ ਦੀ ਵਨ ਡੇ ਅਤੇ T-20 ਟੀਮਾਂ ਤੋਂ ਬਾਹਰ ਹੈ ਅਤੇ ਕਪਤਾਨ ਵਿਰਾਟ ਕੋਹਲੀ ਕਲਾਈ ਦੇ ਸਪਿਨਰਾਂ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ‘ਤੇ ਜ਼ਿਆਦਾ ਭਰੋਸਾ ਕਰ ਰਿਹੈ।
ਖੱਬੇ ਹੱਥ ਦਾ ਸਪਿਨਰ ਰਵਿੰਦਰ ਜਡੇਜਾ ਵੀ ਇੱਕ ਸਾਲ ਤਕ ਸੀਮਿਤ ਓਵਰਾਂ ਦੀ ਟੀਮ ਤੋਂ ਬਾਹਰ ਰਿਹਾ ਸੀ, ਪਰ ਪਿਛਲੇ ਕੁੱਝ ਮਹੀਨਿਆਂ ‘ਚ ਉਹ ਛੋਟੇ ਫ਼ੌਰਮੈਟ ‘ਚ ਖੇਡ ਰਿਹਾ ਹੈ। ਵਿਸ਼ਵ ਕੱਪ ਟੀਮ ਲਈ ਇਨ੍ਹਾਂ ਤਿੰਨ ਸਪਿਨਰਾਂ ‘ਚੋਂ ਦੋ ਦੀ ਚੋਣ ਹੋਣੀ ਹੈ ਅਤੇ ਅਸ਼ਵਿਨ ਦੀ ਵਾਪਸੀ ਦੀ ਕੋਈ ਉਮੀਦ ਨਹੀਂ। ਅਸ਼ਵਿਨ ਆਖ਼ਰੀ ਵਾਰ 2017 ‘ਚ ਵੈੱਸਟਇੰਡੀਜ਼ ‘ਚ ਐਂਟੀਗਾ ‘ਚ ਖੇਡਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਟੀਮ ਤੋਂ ਇਸ ਲਈ ਬਾਹਰ ਨਹੀਂ ਕਿਉਂਕਿ ਉਹ ਖ਼ਰਾਬ ਖੇਡ ਰਿਹਾ ਹੈ ਬਲਕਿ ਇਹ ਮੰਗ ਅਤੇ ਉਪਲੱਬਧਾ ਦੇ ਹਿਸਾਬ ਨਾਲ ਚੱਲ ਰਿਹਾ ਹੈ।
ਅਸ਼ਵਿਨ ਨੇ ਕਿਹਾ, ”ਮੈਂ ਖ਼ੁਦ ਨੂੰ ਕੇਵਲ ਟੈੱਸਟ ਦਾ ਖਿਡਾਰੀ ਨਹੀਂ ਮੰਨਦਾ ਕਿਉਂਕਿ ਮੈਂ ਕੋਈ ਅਨਾੜੀ ਨਹੀਂ। ਮੈਂ ਸੀਮਿਤ ਓਵਰ ਫ਼ੌਰਮੈਟ ‘ਚ ਬਹੁਤ ਖੇਡਿਆ ਹਾਂ ਅਤੇ ਮੇਰਾ ਰਿਕਾਰਡ ਵੀ ਵਧੀਆ ਰਿਹਾ ਹੈ। ਆਖ਼ਰੀ ਵਨ ਡੇ ਮੈਚ ਜੋ ਮੈਂ ਖੇਡਿਆ ਸੀ ਉਸ ‘ਚ ਮੈਨੂੰ 28 ਦੌੜਾਂ ‘ਤੇ 3 ਵਿਕਟਾਂ ਹਾਸਿਲ ਹੋਈਆਂ ਸਨ। ਮੈਂ ਖ਼ਰਾਬ ਖੇਡ ਦੀ ਵਜ੍ਹਾ ਨਾਲ ਬਾਹਰ ਨਹੀਂ, ਮੈਂ ਸੈਈਅਦ ਮੁਸ਼ਤਾਕ ਅਲੀ ਟੂਰਨਾਮੈਂਟ ‘ਚ ਖੇਡਿਆ ਹਾਂ ਅਤੇ ਉੱਥੇ ਵੀ ਵਧੀਆ ਪ੍ਰਦਰਸ਼ਨ ਕੀਤਾ ਸੀ।