ਨਵੀਂ ਦਿੱਲੀ – ਕ੍ਰਿਕਟ ਵਿੱਚ ਵਾਪਸੀ ਕਰ ਰਹੇ ਸਟੀਵ ਸਮਿਥ ਨੇ ਰਾਜਸਥਾਨ ਰੌਇਲਜ਼ ਦੇ ਆਪਣੇ ਸਾਥੀ ਖਿਡਾਰੀ ਜੋਜ਼ ਬਟਲਰ ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ਾਂ ਵਿੱਚ ਇੱਕ ਦੱਸਦਿਆਂ ਇੰਗਲੈਂਡ ਦੇ ਇਸ ਵਿਕਟਕੀਪਰ ਬੱਲੇਬਾਜ਼ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ। ਆਸਟਰੇਲੀਆਈ ਰਨ ਮਸ਼ੀਨ ਸਮਿਥ ਗੇਂਦ ਨਾਲ ਛੇੜਖਾਨੀ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਸਮਿਥ ਨੇ ਫ਼੍ਰੈਂਚਾਈਜ਼ੀ ਦੇ ਸੋਸ਼ਲ ਮੀਡੀਆ ਪਲੈੱਟਫ਼ੌਰਮ ‘ਤੇ ਸਿੱਧੀ ਗੱਲਬਾਤ ਵਿੱਚ ਕਿਹਾ, ”ਬਟਲਰ ਨਾਲ ਖੇਡਣਾ ਬਹੁਤ ਮਜ਼ੇਦਾਰ ਹੈ। ਉਸ ਦੇ ਨਾਲ ਰਹਿਣ ਨਾਲ ਬੱਲੇਬਾਜ਼ੀ ਆਸਾਨ ਹੋ ਜਾਂਦੀ ਹੈ। ਉਹ ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ਾਂ ਵਿੱਚੋਂ ਇੱਕ ਹੈ।”
ਰਾਜਸਥਾਨ ਰੌਇਲਜ਼ ਦੀ ਟੀਮ 26 ਮਾਰਚ ਨੂੰ ਕਿੰਗਜ਼ ਇਲੈਵਨ ਪੰਜਾਬ ਨਾਲ ਸਵਾਏ ਮਾਨਸਿੰਘ ਸਟੇਡੀਅਮ ਵਿੱਚ ਪਹਿਲਾ ਮੈਚ ਖੇਡੇਗੀ। ਸਮਿਥ ਨੇ ਕਿਹਾ ਕਿ ਰੌਇਲਜ਼ ਨਾਲ ਜੈਪੁਰ ਵਿੱਚ ਖੇਡਣ ਦਾ ਇਹ ਪਹਿਲਾ ਮੌਕਾ ਹੈ। ਉਮੀਦ ਹੈ ਕਿ ਵੱਡੀ ਗਿਣਤੀ ਵਿੱਚ ਦਰਸ਼ਕ ਆ ਕੇ ਸਾਡਾ ਸਮਰਥਨ ਕਰਨਗੇ।