ਮਸ਼ਹੂਰ ਫ਼ਿਲਮਸਾਜ਼ ਸੰਜੇ ਲੀਲਾ ਭੰਸਾਲੀ ਛੇਤੀ ਹੀ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੂੰ ਲੈ ਕੇ ਇੱਕ ਫ਼ਿਲਮ ਬਣਾ ਸਕਦਾ ਹੈ। ਅਸਲ ‘ਚ ਭੰਸਾਲੀ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀ ਬਾਇਓਪਿਕ ਬਣਾਉਣ ਵਾਲਾ ਹੈ। ਫ਼ਿਲਮ ਦੇ ਲੀਡ ਰੋਲ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ। ਜਾਣਕਾਰੀ ਮਿਲੀ ਹੈ ਕਿ ਫ਼ਿਲਮ ‘ਚ ਅਭਿਸ਼ੇਕ ਅਤੇ ਐਸ਼ਵਰਿਆ ਨੂੰ ਲਿਆ ਜਾ ਸਕਦਾ ਹੈ। ਫ਼ਿਲਮ ਦਾ ਥੀਮ ਸਾਹਿਰ ਲੁਧਿਆਣਵੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ ‘ਤੇ ਆਧਾਰਿਤ ਹੋਵੇਗਾ। ਇਸ ‘ਚ ਅਭਿਸ਼ੇਕ ਸਾਹਿਰ ਲੁਧਿਆਣਵੀ ਦਾ ਤੇ ਐਸ਼ਵਰਿਆ ਅੰਮ੍ਰਿਤਾ ਦਾ ਕਿਰਦਾਰ ਨਿਭਾ ਸਕਦੀ ਹੈ।
ਕੁੱਝ ਸਮਾਂ ਪਹਿਲਾਂ ਇਹ ਵੀ ਚਰਚਾ ਸੀ ਕਿ ਅਭਿਸ਼ੇਕ ਅਤੇ ਐਸ਼ ਫ਼ਿਲਮ ਗ਼ੁਲਾਬ ਜਾਮੁਨ ‘ਚ ਇਕੱਠੇ ਨਜ਼ਰ ਆਉਣਗੇ। ਹੁਣ ਕਿਹਾ ਜਾ ਰਿਹਾ ਹੈ ਕਿ ਨਿਰਮਾਤਾਵਾਂ ਨੇ ਇਸ ਫ਼ਿਲਮ ਨੂੰ ਨਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਐਸ਼ਵਰਿਆ ਨੇ ਹਾਲ ਹੀ ‘ਚ ਕਿਹਾ ਸੀ, ”ਆਮਤੌਰ ‘ਤੇ ਜਦੋਂ ਮੇਰੇ ਅਗਲੇ ਪ੍ਰੌਜੈਕਟ ਦੇ ਐਲਾਨ ਦੀ ਗੱਲ ਆਉਂਦੀਹੈ ਤਾਂ ਮੈਂ ਇਸ ਨੂੰ ਆਪਣੇ ਨਿਰਦੇਸ਼ਕ ਅਤੇ ਨਿਰਮਾਤਾਵਾਂ ‘ਤੇ ਛੱਡ ਦਿੰਦੀ ਹਾਂ। ਮੈਂ ਹਾਲ ਹੀ ‘ਚ ਇੱਕ ਸ਼ਾਨਦਾਰ ਸਕ੍ਰਿਪਟ ਅਤੇ ਕਿਰਦਾਰ ਫ਼ਾਈਨਲ ਕੀਤਾ ਹੈ, ਪਰ ਇਸ ਬਾਰੇ ਫ਼ਿਲਮਸਾਜ਼ ਦੇ ਐਲਾਨ ਦੀ ਹੀ ਉਡੀਕ ਕਰਨੀ ਸਹੀ ਹੋਵੇਗੀ।”
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਸ਼ ਦੀ ਫ਼ਿਲਮ ਫ਼ੰਨੇ ਖ਼ਾਂ ਰਿਲੀਜ਼ ਹੋਈ ਸੀ ਜੋ ਅਸਫ਼ਲ ਰਹੀ। ਦੂਜੇ ਪਾਸੇ, ਅਭਿਸ਼ੇਕ ਦਾ ਕਰੀਅਰ ਵੀ ਕਾਫ਼ੀ ਮਾੜੇ ਦੌਰ ‘ਚੋਂ ਲੰਘ ਰਿਹਾ ਹੈ। ਕਾਫ਼ੀ ਸਮੇਂ ਤੋਂ ਉਸ ਦੀ ਕੋਈ ਫ਼ਿਲਮ ਸਫ਼ਲਤਾ ਹਾਸਲ ਨਹੀਂ ਕਰ ਸਕੀ।