ਲੁਧਿਆਣਾ : ਵਧੀਕ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਗੁਰਿੰਦਰ ਸਿੰਘ (35) ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਲੁਧਿਆਣਾ ਦੇ ਪਿੰਡ ਦਾਦ ‘ਚ ਸਥਿਤ ਪਾਲਮ ਵਿਹਾਰ ਦੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਕੇਸ ਸਾਹਮਣੇ ਆਇਆ ਸੀ। ਪੁਲਸ ਨੇ ਦੋਸ਼ੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ‘ਚ ਦੋਸ਼ੀ ਵਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਦੌਰਾਨ ਅਦਾਲਤ ‘ਚ ਵਕੀਲਾਂ ਨੇ ਅਦਾਲਤ ਤੋਂ ਦੋਸ਼ੀ ਦੀ ਜ਼ਮਾਨਤ ਮਨਜ਼ੂਰ ਕੀਤੇ ਜਾਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਦੋਸ਼ੀ ਕਈ ਦਿਨਾਂ ਤੋਂ ਜੇਲ ‘ਚ ਬੰਦ ਹੈ ਅਤੇ ਦੋਸ਼ੀ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ ਕਿਉਂਕਿ ਉਸ ਨੂੰ ਕੁਝ ਸਮਾਂ ਪਹਿਲਾਂ ਹੀ ਆਸਟਰੇਲੀਆ ਤੋਂ ਵਾਪਸ ਇੰਡੀਆ ਭੇਜ ਦਿੱਤਾ ਗਿਆ ਸੀ ਅਤੇ ਉਹ ਦਵਾਈਆਂ ‘ਤੇ ਨਿਰਭਰ ਹੈ। ਉਨ੍ਹਾਂ ਮੁਤਾਬਕ ਦੋਸ਼ੀ ਦੀ ਪੂਰੀ ਫੈਮਿਲੀ ਸਿੱਖ ਧਰਮ ਨਾਲ ਸਬੰਧ ਰੱਖਦੀ ਹੈ ਤੇ ਉਨ੍ਹਾਂ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਪੁਲਸ ਥਾਣਾ ਸਦਰ ਵਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਲ ਸਿੰਘ ਦੀ ਸ਼ਿਕਾਇਤ ‘ਤੇ ਧਾਰਾ 295 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਧਰ ਮੁਦਈ ਪੱਖ ਵਲੋਂ ਹਾਜ਼ਰ ਵਕੀਲਾਂ ਨੇ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਦੋਸ਼ੀ ਨੇ ਜਾਣ-ਬੁੱਝ ਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈਸ਼ ਇਸ ਲਈ ਦੋਸ਼ੀ ਦੀ ਜ਼ਮਾਨਤ ਮਨਜ਼ੂਰ ਨਾ ਕੀਤੀ ਜਾਵੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ‘ਤੇ ਬਹਿਸ ਹੋਣ ਤੋਂ ਬਾਅਦ ਦੋਸ਼ੀ ਦੀ ਜ਼ਮਾਨਤ ਖਾਰਜ ਕਰ ਦਿੱਤੀ।