ਖੰਨਾ : ਖੰਨਾ ਦੇ ਪਿੰਡ ਭਾਦਲਾ ਉੱਚਾ ‘ਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਿੰਡ ਵਾਸੀਆਂ ਦੇ ਆਟਾ-ਦਾਲ ਸਕੀਮ ਤਹਿਤ ਨੀਲੇ ਸਮਾਰਟ ਕਾਰਡ ਬਣਾਏ ਜਾਣ ਲਈ ਫਾਰਮ ਭਰੇ ਜਾ ਰਹੇ ਸਨ। ਹਾਲਾਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ‘ਚ ਚੋਣ ਜ਼ਾਬਤਾ ਲੱਗਾ ਹੋਇਆ ਹੈ ਪਰ ਬਾਵਜੂਦ ਇਸਦੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਾਬਕਾ ਸਰਪੰਚ ਵਲੋਂ ਸਾਥੀਆਂ ਨਾਲ ਮਿਲ ਕੇ ਲੋਕਾਂ ਦੇ ਧੜਾਧੜ ਫਾਰਮ ਭਰੇ ਜਾ ਰਹੇ ਸਨ, ਜਦੋਂ ਇਸ ਬਾਰੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਾਰਮ ਭਰੇ ਜਾਣ ਸਬੰਧੀ ਐਨਾਊਂਸਮੈਂਟ ਹੋਈ ਸੀ।
ਫਾਰਮ ਭਰਨ ਵਾਲੇ ਵਿਅਕਤੀਆਂ ਤੋਂ ਜਦੋਂ ਇਸ ਬਾਰੇ ਪੁੱਛ-ਪੜਤਾਲ ਕੀਤੀ ਗਈ ਤਾਂ ਉਹ ਟਾਲ-ਮਟੋਲ ਵਾਲਾ ਜਵਾਬ ਦਿੰਦੇ ਹੋਏ ਕੰਮ ਸਮੇਟ ਕੇ ਤੁਰਦੇ ਬਣੇ। ਦੂਜੇ ਪਾਸੇ ਪਿੰਡ ਦੇ ਅਕਾਲੀ ਸਰਪੰਚ ਨੇ ਇਸ ਸਾਰੇ ਘਟਨਾਕ੍ਰਮ ‘ਤੇ ਸਵਾਲ ਚੁੱਕਦੇ ਹੋਏ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਫੂਡ ਸਪਲਾਈ ਅਧਿਕਾਰੀ ਨੇ ਦਫਤਰ ਵਲੋਂ ਕੋਈ ਫਾਰਮ ਦਿੱਤੇ ਜਾਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।
ਦੱਸ ਦੇਈਏ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਨਾ ਤਾਂ ਚਾਲੂ ਕੀਤੀ ਜਾ ਸਕਦੀ ਹੈ ਤਾਂ ਨਾ ਹੀ ਕੋਈ ਅਜਿਹਾ ਕੰਮ ਕੀਤਾ ਜਾ ਸਕਦਾ ਹੈ, ਜਿਸਦਾ ਮੰਤਵ ਵੋਟਰਾਂ ਨੂੰ ਲੁਭਾਉਣਾ ਹੋਵੇ।