ਨਵੀਂ ਦਿੱਲੀ/ਕੇਰਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਤੋਂ ਵੀ ਲੋਕ ਸਭਾ ਚੋਣਾਂ ਲੜ ਸਕਦੇ ਹਨ। ਮੀਡੀਆ ਰਿਪੋਰਟਸ ਅਨੁਸਾਰ ਕੇਰਲ ਕਾਂਗਰਸ ਦੇ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ ਨੇ ਵੀ ਰਾਹੁਲ ਗਾਂਧੀ ਦੇ ਵਾਇਨਾਡ ਸੀਟ ਤੋਂ ਚੋਣਾਂ ਲੜਨ ਦਾ ਦਾਅਵਾ ਕੀਤਾ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ, ਰਾਮਚੰਦਰਨ ਨੇ ਕਿਹਾ ਕਿ ਇਸ ਸੰਬੰਧ ‘ਚ ਇਕ ਮਹੀਨੇ ਤੋਂ ਗੱਲ ਚੱਲ ਰਹੀ ਸੀ। ਸ਼ੁਰੂਆਤ ‘ਚ ਰਾਹੁਲ ਗਾਂਧੀ ਤਿਆਰ ਨਹੀਂ ਸਨ ਪਰ ਬਾਅਦ ‘ਚ ਉਹ ਮੰਨ ਗਏ। ਉੱਥੇ ਹੀ ਏ.ਆਈ.ਸੀ.ਸੀ. ਜਨਰਲ ਸਕੱਤਰ ਓਮਨ ਚਾਂਡੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਨੇ ਗਾਂਧੀ ਨੂੰ ਵਾਇਨਾਡ ਤੋਂ ਲੜਨ ਦੀ ਅਪੀਲ ਕੀਤੀ ਹੈ ਪਰ ਉਨ੍ਹਾਂ ਨੇ ਪ੍ਰਸਤਾਵ ‘ਤੇ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇਤਾ ਮੰਗ ਕਰ ਰਹੇ ਹਨ ਕਿ ਗਾਂਧੀ ਨੂੰ ਕਿਸੇ ਦੱਖਣੀ ਭਾਰਤੀ ਲੋਕ ਸਭਾ ਸੀਟ ਤੋਂ ਚੋਣਾਂ ਲੜਨੀਆਂ ਚਾਹੀਦੀਆਂ ਹਨ ਅਤੇ ਅਸੀਂ ਗਾਂਧੀ ਨੂੰ ਵਾਇਨਾਡ ਸੀਟ ਤੋਂ ਲੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਹੁਣ ਤੱਕ ਇਸ ਅਪੀਲ ‘ਤੇ ਟਿੱਪਣੀ ਨਹੀਂ ਕੀਤੀ ਹੈ ਪਰ ਸਾਨੂੰ ਆਸ ਹੈ ਕਿ ਕੁਝ ਸਕਾਰਾਤਮਕ ਪ੍ਰਤੀਕਿਰਿਆ ਮਿਲੇਗੀ।
ਅਮੇਠੀ ‘ਚ ਸਮਰਿਤੀ ਨਾਲ ਹੋਵੇਗਾ ਸਾਹਮਣਾ
ਪਾਰਟੀ ਕੇਰਲ ਦੀਆਂ 20 ਲੋਕ ਸਭਾ ਸੀਟਾਂ ‘ਚੋਂ 16 ‘ਤੇ ਚੋਣਾਂ ਲੜ ਰਹੀ ਹੈ ਅਤੇ ਉਸ ਨੇ 14 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ ਪਰ ਵਾਇਨਾਡ ਅਤੇ ਵਡਾਕਰਾ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਕਾਂਗਰਸ ਪ੍ਰਧਾਨ ਫਿਲਹਾਲ ਉੱਤਰ ਪ੍ਰਦੇਸ਼ ਦੀ ਅਮੇਠੀ ਤੋਂ ਸੰਸਦ ਮੈਂਬਰ ਹਨ, ਜਿੱਥੇ ਆਉਣ ਵਾਲੀ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦਾ ਸਾਹਮਣਾ ਭਾਜਪਾ ਦੀ ਨੇਤਾ ਅਤੇ ਕੇਂਦਰੀ ਕੱਪੜਾ ਮੰਤਰੀ ਸਮਰਿਤੀ ਇਰਾਨੀ ਨਾਲ ਹੋਵੇਗਾ। ਵਾਇਨਾਡ ਸੀਟ ਤੋਂ ਕਾਂਗਰਸ ਨੇਤਾ ਐੱਮ.ਐੱਲ. ਸ਼ਾਹਨਵਾਜ ਪਿਛਲੇ 2 ਵਾਰ ਤੋਂ ਸੰਸਦ ਮੈਂਬਰ ਹਨ। ਇਹ ਸੀਟ ਕਨੂੰਰ, ਮਲਾਪੁਰਮ ਅਤੇ ਵਾਇਨਾਡ ਸੰਸਦੀ ਖੇਤਰਾਂ ਨੂੰ ਮਿਲਾ ਕੇ ਬਣੀ ਹੈ।