ਬਿਹਾਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਯਾਨੀ ਅੱਜ ਬਿਹਾਰ ਦੌਰੇ ‘ਤੇ ਹਨ। ਬਿਹਾਰ ਦੇ ਪੂਰਨੀਆ ‘ਚ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਦਾ ਨਾਅਰਾ ਚੌਕੀਦਾਰ ਚੋਰ ਹੈ। ਰਾਹੁਲ ਨੇ ਬੇਰੋਜ਼ਗਾਰੀ, ਕਿਸਾਨ ਕਰਜ਼ਾ ਮੁਆਫ਼ੀ ਅਤੇ ਰਾਫੇਲ ਦੇ ਬਹਾਨੇ ਸਿੱਧੇ ਪੀ. ਐੱਮ. ਮੋਦੀ ਨੂੰ ਨਿਸ਼ਾਨੇ ‘ਤੇ ਲਿਆ। ਰਾਹੁਲ ਨੇ ਕਿਹਾ ਕਿ ਬਾਕੀ ਦੁਨੀਆ ਨਰਿੰਦਰ ਮੋਦੀ ਤੋਂ ਡਰਦੀ ਹੋਵੇਗੀ ਪਰ ਮੈਂ ਨਰਿੰਦਰ ਮੋਦੀ, ਭਾਜਪਾ ਅਤੇ ਆਰ. ਐੱਸ. ਐੱਸ. ਤੋਂ ਨਹੀਂ ਡਰਦਾ। ਮੈਂ ਸਿਰਫ ਸੱਚਾਈ ਨੂੰ ਮੰਨਦਾ ਹਾਂ। ਤੁਹਾਨੂੰ ਸੱਚਾਈ ਦੱਸ ਰਿਹਾ ਹਾਂ। ਬਿਹਾਰ ਦੇ ਨੌਜਵਾਨੋਂ ਜਾਗ ਜਾਓ, ਹਰ ਰੋਜ਼ ਤੁਹਾਡੀ ਜੇਬ ‘ਚੋਂ ਪੈਸੇ ਲੁੱਟੇ ਜਾ ਰਹੇ ਹਨ। ਰਾਹੁਲ ਨੇ ਮੋਦੀ ਵਲੋਂ ਕੀਤੀ ਗਈ ਨੋਟਬੰਦੀ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਤੁਸੀਂ ਬੈਂਕਾਂ ਦੇ ਬਾਹਰ ਨੋਟਬੰਦੀ ਦੇ ਸਮੇਂ ਲਾਈਨਾਂ ਵਿਚ ਲੱਗੇ। ਕੀ ਤੁਸੀਂ ਬੈਂਕਾਂ ਦੇ ਬਾਹਰ ਕਾਲੇ ਧਨ ਵਾਲਿਆਂ ਨੂੰ ਦੇਖਿਆ, ਅਮੀਰਾਂ ਨੂੰ ਦੇਖਿਆ, ਕੀ ਉਸ ਲਾਈਨ ਵਿਚ ਅਨਿਲ ਅੰਬਾਨੀ ਖੜ੍ਹਾ ਸੀ? ਮੋਦੀ ਜੀ ਨੇ ਕਿਹਾ ਸੀ ਕਿ ਉਹ ਲੜਾਈ ਕਾਲੇ ਧਨ ਨੂੰ ਲੈ ਕੇ ਸੀ, ਭ੍ਰਿਸ਼ਟ ਲੋਕਾਂ ਵਿਰੁੱਧ ਸੀ। ਤੁਸੀਂ ਚੌਕੀਦਾਰ ਨਹੀਂ ਹੋ, ਤੁਸੀਂ ਈਮਾਨਦਾਰ ਲੋਕ ਹੋ।
ਰਾਹੁਲ ਨੇ ਅੱਗੇ ਕਿਹਾ ਕਿ ਪਹਿਲਾਂ ਮੋਦੀ ਜੀ ਕਹਿੰਦੇ ਸਨ ਕਿ ਮੈਨੂੰ ਪੀ. ਐੱਮ. ਬਣਾਓ ਜੋ ਵੀ ਚਾਹੁੰਦੇ ਹੋ ਮਿਲ ਜਾਵੇਗਾ, ਹੁਣ ਕਹਿੰਦੇ ਹਨ ਕਿ ਅਸੀਂ ਸਾਰੇ ਚੌਕੀਦਾਰ। ਚੌਕੀਦਾਰ ਗਰੀਬਾਂ ਦੇ ਘਰ ਵਿਚ ਮਿਲਦਾ ਹੈ ਜਾਂ ਅਮੀਰਾਂ ਦੇ? ਉਹ ਹੈ ਚੌਕੀਦਾਰ ਪਰ ਗਰੀਬਾਂ ਦੇ ਨਹੀਂ, ਅਨਿਲ ਅੰਬਾਨੀ ਦੇ ਚੌਕੀਦਾਰ ਹਨ। ਨਰਿੰਦਰ ਮੋਦੀ ਅਗਲੀ ਵਾਰ ਇੱਥੇ ਆਉਣਗੇ ਤਾਂ ਉਨ੍ਹਾਂ ਨੂੰ ਪੁੱਛਣਾ ਕਿ 2 ਕਰੋੜ ਰੋਜ਼ਗਾਰ ਲਈ ਝੂਠ ਕਿਉਂ ਬੋਲਿਆ, ਅੱਛੇ ਦਿਨਾਂ ਲਈ ਝੂਠ ਕਿਉਂ ਬੋਲਿਆ। ਉਨ੍ਹਾਂ ਕਿਹਾ ਕਿ ਤੁਹਾਡੇ ਬੱਚੇ ਸਕੂਲ ਨਹੀਂ ਜਾ ਪਾਉਂਦੇ, ਤੁਸੀਂ ਬੀਮਾਰ ਹੁੰਦੇ ਹੋ ਅਤੇ ਹਸਪਤਾਲ ਨਹੀਂ ਜਾ ਪਾਉਂਦੇ। ਤੁਹਾਡੀ ਨੱਕ ਦੇ ਹੇਠੋਂ ਚੋਰੀ ਹੋ ਰਹੀ ਹੈ, ਕਦੋਂ ਤਕ ਇਹ ਦੇਖਦੇ ਰਹੋਗੇ? ਆਪਣੇ ਲਈ ਨਾ ਸਹੀ, ਆਪਣੇ ਬੱਚਿਆਂ ਲਈ ਕੰਮ ਕਰੋ। ਜਦੋਂ ਤੁਸੀਂ ਮੁੰਬਈ ਵਿਚ ਕੰਮ ਕਰਦੇ ਹੋ, ਤੁਸੀਂ ਖੂਨ-ਪਸੀਨਾ ਇਕ ਕਰਦੇ ਹੋ, ਤੁਹਾਡੇ ਹੱਥ ਤਕ ਛਿੱਲ ਜਾਂਦੇ ਹਨ। ਤੁਸੀਂ ਅਨਿਲ ਅੰਬਾਨੀ ਵਰਗੇ ਲੋਕਾਂ ਨੂੰ ਦੇਖੋ, ਪ੍ਰਾਈਵੇਟ ਜਹਾਜ਼ ਵਿਚ ਘੁੰਮਦਾ ਹੈ। ਮੈਂ ਤੁਹਾਨੂੰ ਸਮਝਾ ਕੇ ਥੱਕ ਗਿਆ ਹਾਂ, ਇਹ ਤੁਹਾਡਾ ਪੈਸਾ ਹੈ ਅਤੇ ਨਰਿੰਦਰ ਮੋਦੀ ਸਿੱਧੇ ਅਨਿਲ ਅੰਬਾਨੀ ਨੂੰ ਦੇ ਰਹੇ ਹਨ। ਰਾਹੁਲ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਪੀ. ਐੱਮ. ਮੋਦੀ ਫਲਾਪ ਫਿਲਮ ਚਲਾਈ ਹੈ ਅਤੇ ਲੋਕ ‘ਮਨ ਕੀ ਬਾਤ’ ਸੁਣ-ਸੁਣ ਕੇ ਥੱਕ ਗਏ ਹਨ। ਉਨ੍ਹਾਂ ਨੇ ਜਨਤਾ ਨੂੰ ਕਿਹਾ ਕਿ ਹੁਣ ਭਾਜਪਾ ਸਰਕਾਰ ਨੂੰ ਬਦਲਣ ਦਾ ਸਮਾਂ ਆ ਗਿਆ ਹੈ।
ਆਪਣੀ ਸਰਕਾਰਾਂ ਦੀ ਤਰੀਫ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਸਾਡੀ ਜਿੱਥੇ ਵੀ ਸਰਕਾਰ ਬਣੀ ਹੈ, ਉੱਥੇ ਜਾ ਕੇ ਦੇਖੋ। ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਵਿਚ ਕਿਸਾਨਾਂ ਦੀ ਸਥਿਤੀ ਹੁਣ ਜਾ ਕੇ ਦੇਖੋ। ਮੈਂ ਸਾਫ ਕਰ ਦਿੱਤਾ ਸੀ ਕਿ ਚਾਹੇ ਆਸਮਾਨ ਫੱਟ ਜਾਵੇ ਪਰ ਕਰਜ਼ਾ ਮੁਆਫ਼ੀ ਹੋਣੀ ਚਾਹੀਦੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਸਰਕਾਰ ਬਣਨ ਦੇ 10 ਦਿਨਾਂ ਅੰਦਰ ਅਸੀਂ ਸਾਰਿਆਂ ਦਾ ਕਰਜ਼ਾ ਮੁਆਫ਼ ਕਰ ਦਿੱਤਾ। ਰਾਹੁਲ ਨੇ ਜਨਤਾ ਨੂੰ ਕਿਹਾ ਕਿ ਤੁਸੀਂ ਕਾਂਗਰਸ ਦੀ ਸਰਕਾਰ ਬਣਾਓ ਅਤੇ ਫਿਰ ਦੇਖੋ, ਤੁਹਾਡੇ ਖਾਤੇ ਵਿਚ ਅਸੀਂ ਸਿੱਧੇ ਪੈਸੇ ਭੇਜਾਂਗੇ।