ਰਾਏਬਰੇਲੀ — ਭਾਜਪਾ ਨੇਤਾ ਅਜੇ ਅਗਰਵਾਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਉੁਨ੍ਹਾਂ ਨੂੰ ਪਾਰਟੀ ਇਸ ਵਾਰ ਵੀ ਰਾਏਬਰੇਲੀ ਤੋਂ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਦੀ ਜਿੱਤ ਯਕੀਨੀ ਹੈ। ਅਗਰਵਾਲ ਨੇ ਕਿਹਾ ਕਿ 2014 ਵਿਚ ਉਨ੍ਹਾਂ ਨੂੰ ਰਾਏਬਰੇਲੀ ਸੀਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਾ ਹੋਣ ਦੇ ਬਾਵਜੂਦ ਵੀ ਪੌਣੇ ਦੋ ਲੱਖ ਵੋਟਾਂ ਮਿਲੀਆਂ ਸਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ ‘ਚ ਉਹ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਏਬਰੇਲੀ ਸੀਟ ਤੋਂ ਹਰਾ ਦੇਣਗੇ।
ਅਗਰਵਾਲ ਨੇ ਦੋਸ਼ ਲਾਇਆ ਕਿ ਪਿਛਲੇ 5 ਸਾਲਾਂ ਵਿਚ ਸ਼੍ਰੀਮਤੀ ਸੋਨੀਆ ਗਾਂਧੀ ਇਕ ਵਾਰ ਵੀ ਸੰਸਦੀ ਖੇਤਰ ਰਾਏਬਰੇਲੀ ਨਹੀਂ ਆਈ ਅਤੇ ਕੋਈ ਵਿਕਾਸ ਕੰਮ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਸਿਰਫ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਭਾਜਪਾ ਦੀ ਸਰਕਾਰ ਉਨ੍ਹਾਂ ਨੂੰ ਪੂਰਾ ਕਰਵਾ ਰਹੀ ਹੈ। ਜ਼ਿਕਰਯੋਗ ਹੈ ਕਿ ਅਗਰਵਾਲ ਨੇ ਕਾਂਗਰਸ ਦੇ ਨੇਤਾ ਮਣੀਸ਼ੰਕਰ ਅਈਅਰ ਦੇ ਆਵਾਸ ‘ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਤੇ ਉੱਥੋਂ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਨਾਲ ਬੈਠਕ ਦਾ ਖੁਲਾਸਾ ਕੀਤਾ ਸੀ।