ਤਿਰੂਚਿਰਾਪੱਲੀ— ਆਪਣੀਆਂ ਮੰਗਾਂ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ‘ਚ ਕਈ ਦਿਨਾਂ ਤੱਕ ਪ੍ਰਦਰਸ਼ਨ ਕਰ ਚੁਕੇ ਤਾਮਿਲਨਾਡੂ ਦੇ ਕਿਸਾਨ ਚੋਣਾਂ ‘ਚ ਉਤਰਨ ਦੀ ਤਿਆਰੀ ‘ਚ ਹਨ। ਉਹ ਵਾਰਾਣਸੀ ਲੋਕ ਸਭਾ ਸੀਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣਾਂ ਲੜਨ ਲਈ 111 ਨਾਮਜ਼ਦ ਦਾਖਲ ਕਰਨਗੇ। ਤਾਮਿਲਨਾਡੂ ਦੇ ਕਿਸਾਨ ਨੇਤਾ ਪੀ. ਅੱਯਾਕਨੂੰ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਜ ਦੇ 111 ਕਿਸਾਨ ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣਾਂ ਲੜਨਗੇ। ‘ਰਾਸ਼ਟਰੀ ਦੱਖਣੀ ਭਾਰਤੀ ਨਦੀਆਂ ਜੋੜੋ ਕਿਸਾਨ ਸੰਗਠਨ’ ਦੇ ਪ੍ਰਧਾਨ ਅੱਯਾਕਨੂੰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਚੋਣਾਂ ਲੜਨ ਦਾ ਫੈਸਲਾ ਇਸ ਲਈ ਕੀਤਾ ਗਿਆ ਤਾਂ ਕਿ ਭਾਜਪਾ ਨੂੰ ਕਿਹਾ ਜਾ ਸਕੇ ਕਿ ਉਹ ਆਪਣੇ ਐਲਾਨ ਪੱਤਰ ‘ਚ ਇਸ ਗੱਲ ਨੂੰ ਸ਼ਾਮਲ ਕਰਨ ਕਿ ‘ਫਸਲ ਉਤਪਾਦਾਂ ਲਈ ਮੁਨਾਫ਼ੇ ਵਾਲੀ ਕੀਮਤ’ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। 100 ਤੋਂ ਵਧ ਦਿਨਾਂ ਤੱਕ 2017 ‘ਚ ਦਿੱਲੀ ‘ਚ ਕਿਸਾਨਾਂ ਦੇ ਪ੍ਰਦਰਸ਼ਨ ਦੀ ਅਗਵਾਈ ਕਰ ਚੁਕੇ ਅੱਯਾਕਨੂੰ ਨੇ ਕਿਹਾ,”ਜਿਸ ਪਲ ਉਹ ਆਪਣੇ ਐਲਾਨ ਪੱਤਰ ‘ਚ ਯਕੀਨੀ ਕਰਨਗੇ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਅਸੀਂ ਮੋਦੀ ਵਿਰੁੱਧ ਲੜਨ ਦਾ ਆਪਣਾ ਫੈਸਲਾ ਵਾਪਸ ਲੈ ਲਵਾਂਗੇ।” ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਮੋਦੀ ਵਿਰੁੱਧ ਚੋਣ ਜ਼ਰੂਰ ਲੜਨਗੇ।
ਮੰਗਾਂ ਪੂਰੀਆਂ ਹੋਈਆਂ ਤਾਂ ਫੈਸਲੇ ‘ਤੇ ਕਰਾਂਗਾ ਵਿਚਾਰ
ਅੱਯਾਕਨੂੰ ਨੇ ਕਿਹਾ ਕਿ ਚੋਣਾਂ ਲੜਨ ਦੇ ਫੈਸਲੇ ਦਾ ਹਰ ਥਾਂ ਦੇ ਕਿਸਾਨਾਂ ਅਤੇ ਅਖਿਲ ਭਾਰਤ ਕਿਸਾਨ ਸੰਘਰਸ਼ ਇਕਜੁਟ ਕਮੇਟੀ ਨੇ ਸਮਰਥਨ ਕੀਤਾ ਹੈ। ਇਹ ਪੁੱਛੇ ਜਾਣ ‘ਤੇ ਕਿ ਉਹ ਆਪਣੀ ਮੰਗ ਸਿਰਫ ਭਾਜਪਾ ਤੋਂ ਕਿਉਂ ਕਰ ਰਹੇ ਹਨ, ਕਾਂਗਰਸ ਸਮੇਤ ਹੋਰ ਪਾਰਟੀਆਂ ਤੋਂ ਕਿਉਂ ਨਹੀਂ ਕਰ ਰਹੇ, ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਹੁਣ ਵੀ ਸੱਤਾਧਾਰੀ ਪਾਰਟੀ ਅਤੇ ਮੋਦੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਕਿਹਾ ਕਿ ਦਰਮੁਕ ਅਤੇ ਅੰਮਾ ਮੱਕਲ ਮੁਨੇਤਰ ਕੜਗਮ ਵਰਗੀਆਂ ਪਾਰਟੀਆਂ ਨੇ ਆਪਣੇ ਐਲਾਨ ਪੱਤਰ ‘ਚ ਪੂਰੀ ਕਰਜ਼ ਮੁਆਫ਼ੀ ਦੇ ਵਾਅਦੇ ਨੂੰ ਸ਼ਾਮਲ ਕਰਨ ਭਰੋਸਾ ਦਿੱਤਾ ਹੈ। ਕਿਸਾਨ ਨੇਤਾ ਨੇ ਕਿਹਾ,”ਅਸੀਂ ਭਾਜਪਾ ਜਾਂ ਆਪਣੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਹੀਂ ਹਨ। ਸੱਤਾ ਹਾਸਲ ਕਰਨ ਤੋਂ ਪਹਿਲਾਂ ਮੋਦੀ ਜੀ ਨੇ ਸਾਡੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਅਤੇ ਸਾਡੀ ਆਮਦਨ ਦੁੱਗਣੀ ਕਰਨ ਦਾ ਭਰੋਸਾ ਦਿੱਤਾ ਸੀ।” ਉਨ੍ਹਾਂ ਨੇ ਕਿਹਾ ਕਿ 300 ਕਿਸਾਨਾਂ ਦੇ ਵਾਰਾਣਸੀ ਜਾਣ ਲਈ ਟਿਕਟ ਪਹਿਲਾਂ ਹੀ ਬੁੱਕ ਕੀਤੇ ਜਾ ਚੁਕੇ ਹਨ। ਤਿਰੁਵੰਨਮਲਈ ਅਤੇ ਤਿਰੁਚਿਰਾਪੱਲੀ ਸਮੇਤ ਕਈ ਹੋਰ ਜ਼ਿਲਿਆਂ ਦੇ ਕਿਸਾਨ ਵਾਰਾਣਸੀ ਪੁੱਜਣਗੇ। ਕਿਸਾਨ ਨੇਤਾ ਨੇ ਕਿਹਾ,”ਤਾਮਿਲਨਾਡੂ ਤੋਂ ਭਾਜਪਾ ਦੇ ਇਕਮਾਤਰ ਸੰਸਦ ਮੈਂਬਰ ਪੌਨ ਰਾਧਾਕ੍ਰਿਸ਼ਨ ਵੀ ਜੇਕਰ ਵਾਅਦਾ ਕਰ ਦੇਣ ਕਿ ਸਾਡੀਆਂ ਮੰਗਾਂ ਨੂੰ ਐਲਾਨ ਪੱਤਰ ‘ਚ ਸਨਮਾਨ ਮਿਲੇਗਾ ਤਾਂ ਅਸੀਂ ਆਪਣੇ ਫੈਸਲੇ ‘ਤੇ ਫਿਰ ਤੋਂ ਵਿਚਾਰ ਕਰ ਸਕਦੇ ਹਨ।”