ਧੂਰੀ : ਧੂਰੀ ਸ਼ੂਗਰ ਮਿਲ ਵੱਲੋਂ ਕਿਸਾਨਾਂ ਦੀ ਬਕਾਇਆ ਅਦਾਇਗੀ ਨਾ ਦੇਣ ਖਿਲਾਫ ਜ਼ਿਲਾ ਸੰਗਰੂਰ ਦੇ ਕਿਸਾਨਾਂ ਵਿਚ ਰੋਸ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪਿਛਲੇ 7 ਦਿਨਾਂ ਤੋਂ ਧੂਰੀ ਸ਼ੂਗਰ ਮਿਲ ਦੇ ਬਾਹਰ ਕਿਸਾਨ ਮਰਨ ਵਰਤ ‘ਤੇ ਬੈਠੇ ਹੋਏ ਹਨ। ਦੂਜੇ ਪਾਸੇ ਕਿਸਾਨਾਂ ਵਿਚ ਸਰਕਾਰ ਪ੍ਰਤੀ ਵਧਦੇ ਰੋਸ ਅਤੇ ਵਿਰੋਧੀ ਪਾਰਟੀਆਂ ਤੋਂ ਮਿਲ ਰਹੇ ਸਮਰਥਨ ਦੇ ਡਰ ਤੋਂ ਜ਼ਿਲਾ ਸੰਗਰੂਰ ਪ੍ਰਸ਼ਾਸਨ ਨੇ ਨਾ ਸਿਰਫ ਧਰਨਾ ਸਥਾਨ ਦੇ ਆਲੇ-ਦੁਆਲੇ ਧਾਰਾ 144 ਲਾਗੂ ਕੀਤੀ ਹੈ, ਸਗੋਂ ਕਿਸਾਨਾਂ ਨੂੰ ਨੋਟਿਸ ਭੇਜ ਕੇ ਧਰਨੇ ਵਾਲੀ ਜਗ੍ਹਾ ‘ਤੇ ਨਾ ਪਹੁੰਚਣ ਲਈ ਕਿਹਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨ ਉਥੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਮਿਲ ਪ੍ਰਬੰਧਕਾਂ ਖਿਲਾਫ ਸ਼ੁਰੂ ਕੀਤਾ ਗਿਆ ਇਹ ਆਰ-ਪਾਰ ਦਾ ਸੰਘਰਸ਼ ਅੰਜ਼ਾਮ ‘ਤੇ ਪਹੁੰਚਾ ਕੇ ਹੀ ਖਤਮ ਹੋਵੇਗਾ ਅਤੇ ਉਹ ਪ੍ਰਸ਼ਾਸਨ ਦੇ ਨੋਟਿਸ ਅਤੇ ਧਾਰਾ 144 ਲਾਗੂ ਕਰਨ ਨਾਲ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮਿਲ ਪ੍ਰਬੰਧਕਾਂ ਅਤੇ ਸਰਕਾਰ ਨੇ ਕਿਸਾਨਾਂ ਦਾ ਬਕਾਇਆ ਨਾ ਵਾਪਸ ਕੀਤਾ ਤਾਂ ਧੂਰੀ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਰਾਜ ਪੱਧਰ ‘ਤੇ ਲਿਜਾਇਆ ਜਾਏਗਾ ਅਤੇ ਪੂਰੇ ਪੰਜਾਬ ਦੇ ਕਿਸਾਨ ਧੂਰੀ ਵਿਚ ਡੱਟ ਜਾਣਗੇ।
ਦੱਸ ਦੇਈਏ ਕਿ ਪੁਲਸ ਪ੍ਰਸ਼ਾਸਨ ਨੇ ਮਰਨ ਵਰਤ ‘ਤੇ ਬੈਠੇ ਦੋ ਕਿਸਾਨਾਂ ਨੂੰ ਤੀਜੇ ਅਤੇ ਛੇਵੇਂ ਦਿਨ ਜ਼ਬਰਦਸਤੀ ਮਰਨ ਵਰਤ ਤੋਂ ਉਠਾ ਕੇ ਹਸਪਤਾਲ ਜ਼ਰੂਰ ਪਹੁੰਚਾ ਦਿੱਤਾ ਸੀ ਪਰ ਉਸ ਦੇ ਬਾਅਦ ਸ਼ਿੰਗਾਰਾ ਸਿੰਘ ਨਾਮ ਦਾ ਕਿਸਾਨ ਕੱਲ ਤੋਂ ਮਰਨ ਵਰਤ ‘ਤੇ ਬੈਠ ਗਿਆ ਹੈ।