ਤਪਾ ਮੰਡੀ : ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਭਾਵੇਂ ਕਾਂਗਰਸ ਦੇ 3 ਦਾਅਵੇਦਾਰ ਆਪੋ-ਆਪਣੇ ਜ਼ੋਰ ਅਜ਼ਮਾਈ ਕਰ ਰਹੇ ਹਨ ਪਰ ਕਾਂਗਰਸ ਹਾਈਕਮਾਡ ਵੱਲੋਂ ਮੈਨੂੰ ਹੀ ਟਿਕਟ ਦਿੱਤੇ ਜਾਣ ਦਾ ਯਕੀਨ ਦਿਵਾਇਆ ਹੈ। ਇਹ ਦਾਅਵਾ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਅੱਜ ਇੱਥੇ ਆਪਣੇ ਜੱਦੀ ਨਗਰ ਤਪਾ ਵਿਖੇ ਇਕ ਸਮਾਜਿਕ ਸਮਾਗਮ ਦੌਰਾਨ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਚੰਡੀਗੜ੍ਹ ਤੋਂ ਟਿਕਟ ਦੇ 2 ਦਾਅਵੇਦਾਰ ਬਾਹਰੋਂ ਹਨ, ਜਦੋਂ ਕਿ ਚੰਡੀਗੜ੍ਹ ਮੇਰੀ ਹਮੇਸ਼ਾ ਕਰਮ ਭੂਮੀ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਕੀਤੇ ਕੰਮ ਅਤੇ ਲੋਕ ਸੇਵਾ ਨੂੰ ਚੰਡੀਗੜ੍ਹ ਨਿਵਾਸੀ ਅਜੇ ਤੱਕ ਯਾਦ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਉਹ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਰੱਖਣ ਦੀ ਹਮੇਸ਼ਾਂ ਪੈਰਵੀ ਕਰਦੇ ਆਏ ਹਨ। ਜਦ ਉਨ੍ਹਾਂ ਤੋਂ ਪੁੱਛਿਆ ਕਿ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਪਾਰਟੀ ਉਨ੍ਹਾਂ ਨੂੰ ਚੰਡੀਗੜ੍ਹ ਦੀ ਥਾਂ ਹਲਕਾ ਸੰਗਰੂਰ ਤੋਂ ਚੋਣ ਲੜਣ ਦੀ ਪੇਸ਼ਕਸ਼ ਕਰ ਸਕਦੀ ਹੈ ਤਾਂ ਉਨ੍ਹਾਂ ਅਜਿਹੀਆਂ ਕਿਆਸਅਰਾਈਆਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਕਿ ਉਹ ਚੰਡੀਗੜ੍ਹ ਤੋਂ ਇਲਾਵਾ ਹੋਰ ਕਿਸੇ ਵੀ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਲੜਣਗੇ ਕਿਉਂਕਿ ਚੰਡੀਗੜ੍ਹ ਵਿਚ ਹੀ ਉਸਦਾ ਠੋਸ ਸਿਆਸੀ ਅਧਿਕਾਰ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਸਨਮਾਨਯੋਗ ਸਥਾਨ ਤਾਂ ਜ਼ਰੂਰ ਮਿਲਿਆ ਹੈ ਪਰ ਉਹ ਰੁਤਬਾ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਹੈ, ਉਹ ਹਮੇਸ਼ਾ ਪੰਜਾਬੀ ਭਾਸ਼ਾ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ।