ਨਵੀਂ ਦਿੱਲੀ/ਹਰਿਆਣਾ— ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਵਿਧਾਇਕ ਕੇਹਰ ਸਿੰਘ ਰਾਵਤ ਸੋਮਵਾਰ ਭਾਵ ਅੱਜ ਭਾਜਪਾ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਅਨਿਲ ਜੈਨ ਅਤੇ ਪਾਰਟੀ ਦੇ ਹਰਿਆਣਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਨੇ ਉਨ੍ਹਾਂ ਦੇ ਪਾਰਟੀ ‘ਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਕੇਹਰ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ਕਾਰਨ ਇਨੈਲੋ ਨੂੰ ਵੱਡਾ ਝਟਕਾ ਲੱਗਾ ਹੈ।
ਦੱਸਣਯੋਗ ਹੈ ਕਿ ਇਨੈਲੋ ‘ਚ ਪਰਿਵਾਰਕ ਵਿਵਾਦ ਕਾਰਨ ਪਾਰਟੀ ‘ਚ ਮੁਸੀਬਤਾਂ ਦਾ ਦੌਰ ਚੱਲ ਰਿਹਾ ਹੈ। ਪਾਰਟੀ ਤੋਂ ਅਜੇ ਚੌਟਾਲਾ ਦੇ ਦੋਵੇਂ ਪੁੱਤਰ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਚੌਟਾਲਾ ਨੂੰ ਜਦੋਂ ਤੋਂ ਬਾਹਰ ਕੱਢਿਆ ਹੈ, ਉਦੋਂ ਤੋਂ ਮੁਸੀਬਤਾਂ ਦਾ ਦੌਰ ਜਾਰੀ ਹੈ। ਦੁਸ਼ਯੰਤ ਚੌਟਾਲਾ ਜੋ ਕਿ ਹਿਸਾਰ ਤੋਂ ਲੋਕ ਸਭਾ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੇ ਇਨੈਲੋ ਤੋਂ ਵੱਖ ਹੋ ਕੇ ਨਵੀਂ ਪਾਰਟੀ ‘ਜਨਨਾਇਕ ਜਨਤਾ ਪਾਰਟੀ’ ਬਣਾਈ ਹੈ। ਇਨੈਲੋ ਨੂੰ ਛੱਡ ਕੇ ਕੁਝ ਵਿਧਾਇਕ ਦੁਸ਼ਯੰਤ ਦੀ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਵਿਚ ਤਾਂ ਕੁਝ ਭਾਜਪਾ ‘ਚ ਸ਼ਾਮਲ ਹੋ ਰਹੇ ਹਨ।