ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ‘ਚ ਇਸ ਸਾਲ ਹੁਣ ਤੱਕ ਡੇਂਗੂ ਦੇ ਘੱਟੋ-ਘੱਟ 5 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਤਿੰਨ ਤਾਂ ਮਾਰਚ ‘ਚ ਹੀ ਦਰਜ ਕੀਤੇ ਗਏ ਹਨ। ਮੱਛਰ ਦੇ ਕੱਟਣ ਨਾਲ ਹੋਣ ਵਾਲੀ ਇਹ ਬੀਮਾਰੀ ਆਮ ਤੌਰ ‘ਤੇ ਜੁਲਾਈ ਤੋਂ ਨਵੰਬਰ ਦਰਮਿਆਨ ਹੁੰਦੀ ਹੈ ਪਰ ਕਈ ਵਾਰ ਦਸੰਬਰ ‘ਚ ਵੀ ਇਸ ਦੇ ਮਾਮਲੇ ਸਾਹਮਣੇ ਆਉਂਦੇ ਹਨ। ਨਗਰ ਨਿਗਮ ਦੀ ਇਕ ਰਿਪੋਰਟ ਅਨੁਸਾਰ ਦੱਖਣੀ ਦਿੱਲੀ ਨਗਰ ਨਿਗਮ (ਐੱਸ.ਡੀ.ਐੱਮ.ਸੀ.) ਨੇ ਇਸ ਸਾਲ ਜਨਵਰੀ ਅਤੇ ਫਰਵਰੀ ‘ਚ ਡੇਂਗੂ ਦਾ ਇਕ-ਇਕ ਮਾਮਲਾ ਦਰਜ ਕੀਤਾ, ਉੱਥੇ ਹੀ ਮਾਰਚ ‘ਚ ਤਿੰਨ ਮਾਮਲੇ ਦਰਜ ਕੀਤੇ ਗਏ।
ਇਸ ਸਾਲ ਮਲੇਰੀਆ ਦਾ ਕੋਈ ਮਾਮਲਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਚਿਕਨਗੁਨੀਆ ਦੇ 2 ਮਾਮਲੇ ਫਰਵਰੀ ‘ਚ ਅਤੇ ਇਕ ਮਾਰਚ ‘ਚ ਦਰਜ ਕੀਤਾ ਗਿਆ। ਡਾਕਟਰਾਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ-ਤੇੜੇ ਮੱਛਰਾਂ ਦੇ ਪ੍ਰਜਨਨ ਨਾ ਹੋਣ ਦੇਣ, ਪੂਰੀ ਬਾਂਹ ਵਾਲੇ ਕੱਪੜੇ ਪਾਉਣ ਅਤੇ ਮੱਛਰਦਾਣੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਦੱਖਣੀ ਦਿੱਲੀ ਨਗਰ ਨਿਗਮ (ਐੱਸ.ਡੀ.ਐੱਮ.ਸੀ.) ਨੇ ਡੇਂਗੂ ਦੇ 2,798 ਮਾਮਲੇ ਦਰਜ ਕੀਤੇ ਸਨ ਅਤੇ ਚਾਰ ਲੋਕਾਂ ਦੀ ਇਸ ਨਾਲ ਜਾਨ ਵੀ ਚੱਲੀ ਗਈ ਸੀ।