ਪਟਨਾ— ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ 28 ਮਾਰਚ ਨੂੰ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਸ਼ਤਰੂਘਨ 28 ਮਾਰਚ ਨੂੰ ਦਿਨ ਦੇ 11 ਵਜੇ ਦਿੱਲੀ ਸਥਿਤ ਪਾਰਟੀ ਦੇ ਹੈੱਡ ਕੁਆਰਟਰ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਾਹਮਣੇ ਪਾਰਟੀ ਦੀ ਮੈਂਬਰਤਾ ਗ੍ਰਹਿਣ ਕਰਨਗੇ। ਉਸ ਤੋਂ ਬਾਅਦ ਉਹ ਇਕ ਅਪ੍ਰੈਲ ਨੂੰ ਪਟਨਾ ਪਹੁੰਚਣਗੇ ਅਤੇ ਪ੍ਰੈੱਸ ਨੂੰ ਇਸ ਦੀ ਜਾਣਕਾਰੀ ਦੇਣਗੇ। ਉਹ ਪਟਨਾ ਸਾਹਿਬ ਤੋਂ ਕਾਂਗਰਸ ਦੀ ਸੀਟ ‘ਤੇ ਲੋਕ ਸਭਾ ਚੋਣਾਂ ਲੜ ਸਕਦੇ ਹਨ।
ਦੱਸਣਯੋਗ ਹੈ ਕਿ ਸ਼ਤਰੂਘਨ ਸਿਨਹਾ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਮੀਡੀਆ ‘ਚ ਆ ਰਹੀਆਂ ਸਨ। ਉੱਥੇ ਹੀ ਬਿਹਾਰ ‘ਚ ਐੱਨ.ਡੀ.ਏ. ‘ਚ ਸੀਟਾਂ ਦਾ ਜੋ ਐਲਾਨ ਹੋਇਆ ਹੈ, ਉਸ ‘ਚ ਪਟਨਾ ਸਾਹਿਬ ਸੀਟ ਭਾਜਪਾ ਦੇ ਖਾਤੇ ‘ਚ ਗਈ ਹੈ। ਇਸ ਸੀਟ ਤੋਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਅਜਿਹੇ ‘ਚ ਆਉਣ ਵਾਲੇ ਸਮੇਂ ‘ਚ ਰਵੀਸ਼ੰਕਰ ਪ੍ਰਸਾਦ ਦੀ ਟੱਕਰ ਸ਼ਤਰੂਘਨ ਸਿਨਹਾ ਨਾਲ ਦੇਖਣ ਨੂੰ ਮਿਲ ਸਕਦੀ ਹੈ।
ਦੱਸਣਯੋਗ ਹੈ ਕਿ ਸ਼ਤਰੂਘਨ ਸਿਨਹਾ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਰਹੇ ਹਨ। ਉਹ ਕਈ ਵਿਰੋਧੀ ਨੇਤਾਵਾਂ ਨਾਲ ਮਿਲਦੇ ਰਹੇ ਹਨ। ਉਨ੍ਹਾਂ ਨੇ ਵਿਰੋਧੀ ਨੇਤਾਵਾਂ ਨਾਲ ਮੰਚ ਵੀ ਸਾਂਝਾ ਕੀਤਾ। ਉਨ੍ਹਾਂ ਦੇ ਪਟਨਾ ਸਾਹਿਬ ਤੋਂ ਟਿਕਟ ਕੱਟਣ ਦਾ ਮੁੱਖ ਕਾਰਨ ਇਹੀ ਮੰਨਿਆ ਜਾ ਰਿਹਾ ਹੈ।