ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਸੀਨੀਅਰ ਨੇਤਾਵਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਨਾ ਉਤਾਰ ਕੇ ਉਨ੍ਹਾਂ ਸਾਰਿਆਂ ਦਾ ਅਪਮਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਰਵੱਈਆ ਹਿੰਦੂ ਸੰਸਕ੍ਰਿਤੀ ਵਿਰੁੱਧ ਹੈ, ਜੋ ਕਿ ਲੋਕਾਂ ਨੂੰ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨ ਦੀ ਸੀਖ ਦਿੰਦੀ ਹੈ।
ਜਿਨ੍ਹਾਂ ਬਜ਼ੁਰਗਾਂ ਨੇ ਘਰ ਬਣਾਇਆ, ਉਨ੍ਹਾਂ ਨੂੰ ਬਾਹਰ ਕੱਢ ਦਿੱਤਾ
ਕੇਜਰੀਵਾਲ ਨੇ ਟਵੀਟ ‘ਚ ਕਿਹਾ,” ਮੋਦੀ ਜੀ ਨੇ ਜਿਸ ਤਰ੍ਹਾਂ ਆਪਣੇ ਬਜ਼ੁਰਗਾਂ- ਅਡਵਾਨੀ ਜੀ ਅਤੇ ਮੁਰਲੀ ਮਨੋਹਰ ਜੀ ਦਾ ਅਪਮਾਨ ਕੀਤਾ ਹੈ, ਇਹ ਹਿੰਦੂ ਸੰਸਕ੍ਰਿਤੀ ਦੇ ਬਿਲਕੁੱਲ ਵਿਰੁੱਧ ਹੈ। ਹਿੰਦੂ ਧਰਮ ‘ਚ ਸਾਨੂੰ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਨਾ ਸਿਖਾਇਆ ਜਾਂਦਾ ਹੈ।” ਉਨ੍ਹਾਂ ਨੇ ਕਿਹਾ,”ਲੋਕ ਇਸ ਗੱਲ ਦੀ ਚਰਚਾ ਕਰ ਰਹੇ ਹਨ ਕਿ ਮੋਦੀ, ਜੋਸ਼ੀ ਅਤੇ ਸੁਸ਼ਮਾ (ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ) ਦਾ ਅਪਮਾਨ ਕਿਉਂ ਕਰ ਰਹੇ ਹਨ।” ਲੋਕ ਸਭਾ ਮੈਂਬਰ ਮੁਰਲੀ ਮਨੋਹਰ ਜੋਸ਼ੀ ਨੂੰ ਉਨ੍ਹਾਂ ਦੀ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਨਹੀਂ ਲੜਨ ਲਈ ਕਿਹਾ ਹੈ। ਇਸੇ ਤਰ੍ਹਾਂ ਪਾਰਟੀ ਦੇ ਸੰਸਥਾਪਕ ਮੈਂਬਰ ਅਤੇ ਲੰਬੇ ਸਮੇਂ ਤੱਕ ਪਾਰਟੀ ਦੇ ਮੁਖੀ ਰਹੇ ਲਾਲਕ੍ਰਿਸ਼ਨ ਅਡਵਾਨੀ ਨੂੰ ਵੀ ਚੋਣਾਂ ‘ਚ ਨਹੀਂ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਕੇਜਰੀਵਾਲ ਨੇ ਇਕ ਹੋਰ ਟਵੀਟ ‘ਚ ਕਿਹਾ,”ਜਿਨ੍ਹਾਂ ਬਜ਼ੁਰਗਾਂ ਨੇ ਘਰ ਬਣਾਇਆ, ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਜਦੋਂ ਉਹ ਆਪਣੇ ਬਜ਼ੁਰਗਾਂ ਦਾ ਸਨਮਾਨ ਨਹੀਂ ਕਰ ਸਕਦੇ, ਉਦੋਂ ਉਹ ਕਿੰਨੀ ਮਦਦ ਕਰਨਗੇ।”