ਚੰਡੀਗੜ੍ਹ : ਮਹਾਂਰਾਸ਼ਟਰ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਦਾਰਦ ਹੋਏ ਹਨ। ਪਾਰਟੀ ਦੇ 40 ਸਟਾਰ ਪ੍ਰਚਾਰਕ ਮਹਾਂਰਾਸ਼ਟਰ ਵਿਚ ਹੋਣ ਵਾਲੀਆਂ ਪਹਿਲੇ ਅਤੇ ਦੂਜੇ ਪੜਾਅ ਦੀਆਂ ਚੋਣਾਂ ਵਿਚ ਪ੍ਰਚਾਰ ਕਰਨਗੇ। ਪਹਿਲੇ ਪੜਾਅ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਅਤੇ ਪ੍ਰਿਅੰਕਾ ਗਾਂਧੀ ਤੋਂ ਇਲਾਵਾ 16 ਹੋਰ ਸਟਾਰ ਪ੍ਰਚਾਰਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਇਸ ਸੂਚੀ ਵਿਚ ਨਵਜੋਤ ਸਿੱਧੂ ਨਾਦਾਰਦ ਹਨ। ਇਸਦਾ ਮਤਲਬ ਹੈ ਕਿ ਨਵਜੋਤ ਸਿੱਧੂ ਮੁੰਬਈ ਵਿਚ ਪ੍ਰਚਾਰ ਨਹੀਂ ਕਰਨਗੇ।
ਇਸ ਤੋਂ ਇਲਾਵਾ ਕਾਂਗਰਸ ਵਲੋਂ ਯੂ. ਪੀ. ਵਿਚ ਪ੍ਰਚਾਰ ਲਈ ਜਾਰੀ ਕੀਤੀ ਸੂਚੀ ਵਿਚ ਨਵਜੋਤ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਸ਼ਾਮਲ ਕੀਤਾ ਗਿਆ ਹੈ। ਸੂਚੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 12ਵੇਂ ਅਤੇ ਨਵਜੋਤ ਸਿੱਧੂ ਨੂੰ 21ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਕਾਂਗਰਸ ਨੇ ਜਿਨ੍ਹਾਂ ਸੂਬਿਆਂ ਵਿਚ ਚੋਣਾਂ ਜਿੱਤੀਆਂ ਸਨ, ਉਨ੍ਹਾਂ ਦੇ ਮੁੱਖ ਮੰਤਰੀਆਂ ਨੂੰ ਵੀ ਚੋਣ ਪ੍ਰਚਾਰ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਦੂਜੇ ਸੂਬਿਆਂ ਵਿਚ ਉਨ੍ਹਾਂ ਦੀ ਸਰਕਾਰ ਕੀ-ਕੀ ਚੰਗੇ ਕੰਮ ਕਰ ਰਹੀ ਹੈ।
ਪੁਲਵਾਮਾ ਹਮਲੇ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਪਾਰਟੀ ਨਵਜੋਤ ਸਿੱਧੂ ‘ਤੇ ਫੂਕ-ਫੂਕ ਕੇ ਕਦਮ ਰੱਖ ਰਹੀ ਹੈ। ਇਸ ਤੋਂ ਪਹਿਲਾਂ ਮੋਗਾ ਵਿਚ ਹੋਈ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਵੀ ਨਵਜੋਤ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ। ਇਸ ਦੀ ਨਰਾਜ਼ਗੀ ਵੀ ਸਿੱਧੂ ਨੇ ਜ਼ਾਹਰ ਕੀਤੀ ਸੀ।