ਨਵੀਂ ਦਿੱਲੀ- ਲੋਕ ਸਭਾ ਚੋਣਾਂ 2019 ਦੌਰਾਨ ਬਾਲੀਵੁੱਡ ਅਦਾਕਾਰ ਉਰਮਿਲਾ ਮਾਤੋਂਡਕਰ ਕਾਂਗਰਸ ‘ਚ ਸ਼ਾਮਲ ਹੋ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਰਮਿਲਾ ਮੁੰਬਈ ਉੱਤਰ (ਨਾਰਥ) ਸੀਟ ਤੋਂ ਚੋਣ ਲੜ ਸਕਦੀ ਹੈ।
ਜਾਣਕਾਰੀ ਮੁਤਾਬਕ ਕਾਂਗਰਸ ਕੋਲ ਮੁੰਬਈ ਉੱਤਰ ਸੀਟ ਲਈ ਕੋਈ ਵੀ ਉਮੀਦਵਾਰ ਚੋਣ ਲੜਨ ਨੂੰ ਤਿਆਰ ਨਹੀਂ ਸੀ। ਇਸ ਲਈ ਪਾਰਟੀ ਇਸ ਸੀਟ ‘ਤੇ ਕਿਸੇ ਅਜਿਹੇ ਉਮੀਦਵਾਰ ਨੂੰ ਉਤਾਰਨਾ ਚਾਹੁੰਦੀ ਹੈ, ਜੋ ਭਾਜਪਾ ਨਾਲ ਮੁਕਾਬਲਾ ਕਰ ਸਕੇ। ਇਸ ਸੀਟ ਦੇ ਲਈ ਮਰਾਠੀ ਕਲਾਕਾਰ ਆਸਾਵਰੀ ਜੋਸ਼ੀ ਅਤੇ ਟੀ. ਵੀ. ਕਲਾਕਾਰ ਸ਼ਿਲਪਾ ਸ਼ਿੰਦੇ ਦੇ ਨਾਂ ਦੀ ਵੀ ਚਰਚਾ ਸੀ।
ਦੱਸ ਦੇਈਏ ਕਿ 45 ਸਾਲਾਂ ਉਰਮਿਲਾ ਨੇ ਮਰਾਠੀ ਫਿਲਮ ‘ਜਾਕੋਲ 1988’ ਤੋਂ ਸੱਤ ਸਾਲ ਦੀ ਉਮਰ ‘ਚ ਇਕ ਬਾਲ ਕਲਾਕਾਰ ਦੇ ਰੂਪ ‘ਚ ਸ਼ੁਰੂਆਤ ਕੀਤੀ ਸੀ। ਆਪਣੇ ਫਿਲਮੀ ਕੈਰੀਅਰ ਦੌਰਾਨ ਉਰਮਿਲਾ ਨੇ ਡਕੈਤ, ਵੱਡੇ ਘਰ ਦੀ ਬੇਟੀ, ਨਰਸਿਮਹਾਂ, ਚਮਤਕਾਰ, ਆ ਗਲੇ ਲੱਗ ਜਾ, ਰੰਗੀਲਾ, ਇੰਡੀਅਨ, ਜੁਦਾਈ, ਦੌੜ, ਸੱਤਿਆ, ਕੌਣ, ਮਸਤ, ਖੂਬਸੂਰਤ, ਜੰਗਲ, ਆਦਿ ਵਰਗੀ ਕਈ ਮਸ਼ਹੂਰ ਫਿਲਮਾਂ ‘ਚ ਬਤੌਰ ਅਦਾਕਾਰ ਦੇ ਰੂਪ ‘ਚ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁੰਬਈ ‘ਚ 6 ਲੋਕ ਸਭਾ ਸੀਟਾਂ ‘ਤੇ 29 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।