ਨਵੀਂ ਦਿੱਲੀ— ਐਂਟੀ ਸੈਟੇਲਾਈਟ ਮਿਜ਼ਾਈਲ ਪਰੀਖਣ ‘ਮਿਸ਼ਨ ਸ਼ਕਤੀ’ ਨੂੰ ਲੈ ਕੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਪਿਛਲੀ ਯੂ. ਪੀ. ਏ. ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਵਿਗਿਆਨੀ ਇਕ ਦਹਾਕੇ ਪਹਿਲਾਂ ਹੀ ਇਸ ਮਿਜ਼ਾਈਲ ਨੂੰ ਬਣਾਉਣ ਵਿਚ ਸਮਰੱਥ ਸਨ ਪਰ ਉਸ ਸਮੇਂ ਦੀ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ। ਵਿਰੋਧੀ ਧਿਰ ਖਾਸ ਕਰ ਕੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਜੇਤਲੀ ਨੇ ਕਿਹਾ, ”ਜੋ ਲੋਕ ਆਪਣੀਆਂ ਨਾਕਾਮੀਆਂ ਲਈ ਆਪਣੀ ਪਿੱਠ ਥਾਪੜਦੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਦੇ ਸ਼ਬਦ ਚਿੰਨ੍ਹ ਬਹੁਤ ਲੰਬੇ ਹਨ ਅਤੇ ਕਿਤੇ ਨਾ ਕਿਤੇ ਇਹ ਮਿਲ ਹੀ ਜਾਂਦੇ ਹਨ।”
ਜੇਤਲੀ ਨੇ ਕਿਹਾ ਕਿ ਅਪ੍ਰੈਲ 2012 ਵਿਚ ਡੀ. ਆਰ. ਡੀ. ਓ. ਦੇ ਉਸ ਵੇਲੇ ਦੇ ਮੁਖੀ ਵੀ. ਕੇ. ਸਾਰਸਵਤ ਨੇ ਕਿਹਾ ਸੀ ਕਿ ਭਾਰਤ ਹੁਣ ਐਂਟੀ ਸੈਟੇਲਾਈਟ ਮਿਜ਼ਾਈਲ ਬਣਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰ ਸਰਕਾਰ ਨੇ ਇਸ ਦੀ ਆਗਿਆ ਨਹੀਂ ਦਿੱਤੀ। ਜੇਤਲੀ ਨੇ ਅੱਗੇ ਕਿਹਾ ਕਿ ਭਾਰਤ ਨੇ ਪੁਲਾੜ ਵਿਚ ਐਂਟੀ ਸੈਟੇਲਾਈਟ ਮਿਜ਼ਾਈਲ ਤੋਂ ਇਕ ਲਾਈਵ ਸੈਟੇਲਾਈਟ ਨੂੰ ਤਬਾਹ ਕਰ ਕੇ ਆਪਣਾ ਨਾਂ ਪੁਲਾੜ ਮਹਾਸ਼ਕਤੀ ਦੇ ਤੌਰ ‘ਤੇ ਦਰਜ ਕਰਵਾਇਆ ਅਤੇ ਅਜਿਹੀ ਸਮਰੱਥਾ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ। ਕਾਂਗਰਸ ਸਮੇਤ ਵਿਰੋਧੀ ਦਲਾਂ ਨੇ ਇਸ ਪ੍ਰਾਪਤੀ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਇਸ ਦਾ ਸਿਹਰਾ ਪੀ. ਐੱਮ. ਮੋਦੀ ਨੂੰ ਨਹੀਂ ਲੈਣਾ ਚਾਹੀਦਾ।