ਚੰਡੀਗੜ੍ਹ-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਇੱਕ ਹੋਰ ਝਟਕਾ ਲੱਗਾ ਹੈ। ਪ੍ਰਮੁੱਖ ਵਿਰੋਧੀ ਪਾਰਟੀ ਇਨੈਲੋ ਦੁਫਾੜ ਹੋਣ ਤੋਂ ਤੁਰੰਤ ਪਿੱਛੋਂ ਰਾਜ ਵਿਧਾਨ ਸਭਾ ‘ਚ ਤੀਜੇ ਨੰਬਰ ‘ਤੇ ਚਲੀ ਗਈ ਹੈ ਤੇ ਉਸ ਦੇ ਨੇਤਾ ਅਭੈ ਸਿੰਘ ਚੌਟਾਲਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾ ਦਿੱਤਾ ਗਿਆ ਹੈ। ਹੁਣ ਕਾਂਗਰਸ ਤੀਜੇ ਸਥਾਨ ਤੋਂ ਦੂਜੇ ਸਥਾਨ ‘ਤੇ ਆ ਗਈ ਹੈ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਜਾਂ ਕਾਂਗਰਸ ਵਿਧਾਇਕ ਦਲ ਦੀ ਮੌਜੂਦਾ ਆਗੂ ਕਿਰਨ ਚੌਧਰੀ ‘ਚੋਂ ਕਿਸੇ ਇਕ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ।
2 ਇਨੈਲੋ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਲਿਆ ਇਹ ਫੈਸਲਾ-
ਇਹ ਸਭ ਕੁਝ ਉਦੋਂ ਵਾਪਰ ਗਿਆ ਜਦੋਂ ਸਪੀਕਰ ਕੰਵਰਪਾਲ ਗੁੱਜਰ ਨੇ 2 ਇਨੈਲੋ ਵਿਧਾਇਕਾਂ ਰਣਬੀਰ ਗੰਗੂਆ ਤੇ ਕੇਹਰ ਸਿੰਘ ਰਾਵਤ ਵਲੋਂ ਪਿਛਲੇ 2 ਦਿਨਾਂ ‘ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਲੋਂ ਵਿਧਾਇਕ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਮਨਜ਼ੂਰ ਕਰ ਲਿਆ। ਇਸ ਤਰ੍ਹਾਂ ਅਭੈ ਸਿੰਘ ਚੌਟਾਲਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ, ਕਿਉਂਕਿ ਇਨੈਲੋ ਵਿਧਾਇਕਾਂ ਦੀ ਗਿਣਤੀ 17 ਤੋਂ ਘੱਟ ਕੇ 15 ਰਹਿ ਗਈ |
ਸਪੀਕਰ ਦੀ ਪ੍ਰੈੱਸ ਕਾਨਫ਼ਰੰਸ –
ਸਪੀਕਰ ਸ੍ਰੀ ਕੰਵਰਪਾਲ ਗੁੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2 ਦਿਨ ਪਹਿਲਾਂ ਅਭੈ ਸਿੰਘ ਚੌਟਾਲਾ ਵਲੋਂ ਮੈਨੂੰ ਜੋ ਚਿੱਠੀ ਲਿਖੀ ਗਈ ਸੀ। ਉਸ ‘ਤੇ ਕਾਰਵਾਈ ਕਰਦੇ ਹੋਏ ਮੈਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ 2 ਇਨੈਲੋ ਵਿਧਾਇਕਾਂ ਨੇ ਆਪਣੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਮੂਲੀਅਤ ਅਖ਼ਤਿਆਰ ਕਰ ਲਈ, ਉਨ੍ਹਾਂ ਨੇ ਵਿਧਾਇਕੀ ਤੋਂ ਵੀ ਅਸਤੀਫ਼ੇ ਦੇ ਦਿੱਤੇ ਹਨ, ਜੋ ਮੈਂ ਸਵੀਕਾਰ ਕਰ ਲਏ ਤੇ ਇਸ ਤਰ੍ਹਾਂ ਇਹ ਦੋਵੇਂ ਸੀਟਾਂ ਹੁਣ ਖ਼ਾਲੀ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਪਿਹੋਵਾ ਤੋਂ ਇਨੈਲੋ ਦੇ ਜੇ. ਐੱਸ. ਸੰਧੂ ਦੀ ਮੌਤ ਹੋ ਜਾਣ ਕਾਰਨ ਤੀਜੀ ਸੀਟ ਵੀ ਖ਼ਾਲੀ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਹਰਿਆਣਾ ਵਿਧਾਨ ਸਭਾ ਦਾ ਸਦਨ 90 ਮੈਂਬਰਾਂ ਤੋਂ ਘੱਟ ਕੇ 87 ਮੈਂਬਰਾਂ ਦਾ ਰਹਿ ਗਿਆ ਹੈ। ਭਵਿੱਖ ‘ਚ ਇਨ੍ਹਾਂ ਤਿੰਨਾਂ ਸੀਟਾਂ ‘ਤੇ ਉਪ-ਚੋਣ ਹੋਣ ਦੀ ਕੋਈ ਸੰਭਾਵਨਾ ਨਹੀਂ, ਕਿਉਂਕਿ ਮੌਜੂਦਾ ਹਰਿਆਣਾ ਵਿਧਾਨ ਸਭਾ ਦੀ ਮਿਆਦ ਨੂੰ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਹੈ।
ਸਪੀਕਰ ਨੇ ਕਿਹਾ ਕਿ ਉਹ ਅਭੈ ਚੌਟਾਲਾ ਦੀ ਚਿੱਠੀ ਦੇ ਆਧਾਰ ‘ਤੇ ਇਨੈਲੋ ਦੇ 4 ਵਿਧਾਇਕਾਂ ਨੈਨਾ ਸਿੰਘ ਚੌਟਾਲਾ, ਅਨੂਪ ਧਾਨਕ, ਰਾਜਦੀਪ ਤੇ ਪਿਥੀ ਸਿੰਘ ਨੂੰ ਦਲ-ਬਦਲੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਆਯੋਗ ਠਹਿਰਾਉਣ ਲਈ ਨੋਟਿਸ ਭੇਜ ਰਹੇ ਹਾਂ, ਜਿਸ ‘ਚ ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਕਿਉਂ ਨਾ ਤੁਹਾਨੂੰ ਆਯੋਗ ਠਹਿਰਾ ਦਿੱਤਾ ਜਾਏ | ਉਨ੍ਹਾਂ ਵਿਰੁੱਧ ਅਗਲੀ ਕਾਰਵਾਈ ਉਨ੍ਹਾਂ ਦਾ ਉੱਤਰ ਆਉਣ ‘ਤੇ ਹੀ ਕੀਤੀ ਜਾਵੇਗੀ | ਦੱਸ ਦੇਈਏ ਕਿ ਇਹ ਚਾਰੇ ਵਿਧਾਇਕ ਜਨ ਨਾਇਕ ਜਨਤਾ ਪਾਰਟੀ ‘ਚ ਸ਼ਾਮਿਲ ਹੋ ਚੁੱਕੇ ਹਨ, ਜਿਸ ਦੇ ਕਰਤਾ ਧਰਤਾ ਮੈਂਬਰ ਲੋਕ ਸਭਾ ਦੁਸ਼ਅੰਤ ਚੌਟਾਲਾ ਹਨ, ਜਿਨ੍ਹਾਂ ਨੇ ਆਪਣੇ ਦਾਦਾ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਰੱਖਿਆ ਹੈ। ਸਪੀਕਰ ਸ੍ਰੀ ਗੁੱਜਰ ਨੇ ਕਿਹਾ ਕਿ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਨੂੰ ਲਿਖਿਆ ਗਿਆ ਕਿ ਉਹ ਦੱਸਣ ਕਿ ਕਿਸ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਵਜੋਂ ਕਾਨੂੰਨੀ ਮਾਨਤਾ ਦਿੱਤੀ ਜਾਏ?
ਪਾਰਟੀ ਦੀ ਸਥਿਤੀ-
90 ਮੈਂਬਰਾਂ ‘ਤੇ ਆਧਾਰਤ ਹਰਿਆਣਾ ਵਿਧਾਨ ਸਭਾ ‘ਚ ਹੁਣ ਪਾਰਟੀ ਦੀ ਸਥਿਤੀ ਇਹ ਹੈ :- ਭਾਜਪਾ 48, ਕਾਂਗਰਸ 17, ਇਨੈਲੋ 15, ਅਕਾਲੀ ਦਲ 1, ਬਸਪਾ 1 ਤੇ 5 ਆਜ਼ਾਦ। ਦੂਜੇ ਪਾਸੇ ਭਾਜਪਾ ਹਲਕਿਆਂ ਨੇ ਦਾਅਵਾ ਕੀਤਾ ਹੈ ਕਿ ਕਈ ਹੋਰ ਇਨੈਲੋ ਵਿਧਾਇਕ ਟੁੱਟ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਣ ਦੇ ਇੱਛੁਕ ਹਨ ਤੇ ਇਸ ਬਾਰੇ ਨੇੜਲੇ ਭਵਿੱਖ ‘ਚ ਹੋਰ ਸਿਆਸੀ ਧਮਾਕੇ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਦਲ ਬਦਲੂ ਕਾਨੂੰਨ- ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਪੈਂਸ਼ਨ ਅਤੇ ਭੱਤੇ-
ਦਲ ਬਦਲੂ ਕਾਨੂੰਨ 1985 ਦੇ ਤਹਿਤ ਸਪੀਕਰ ਪਾਰਟੀ ਬਦਲਣ ਵਾਲੇ ਵਿਧਾਇਕ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਰੱਦ ਕਰ ਸਕਦੇ ਹਨ, ਜਿਸ ਦਿਨ ਮੈਂਬਰਸ਼ਿਪ ਰੱਦ ਹੋਵੇਗੀ, ਉਸੇ ਦਿਨ ਤੋਂ ਵਿਧਾਇਕਾਂ ਨੂੰ ਮਿਲਣ ਵਾਲੀਆਂ ਸਹੂਲਤਾਵਾਂ ਖਤਮ ਹੋ ਜਾਣਗੀਆਂ ਪਰ ਹਰਿਆਣਾ ਅਤੇ ਪੰਜਾਬ ‘ਚ ਇਹ ਨਿਯਮ ਹੈ ਕਿ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਵੀ ਪੈਂਸ਼ਨ ਅਤੇ ਭੱਤੇ ਮਿਲਣਗੇ।