ਤੁਸੀਂ ਪੂਰੀ ਤਰ੍ਹਾਂ ਵਿਰੋਧਾਭਾਸ ਨਾਲ ਭਰੀ ਹੋਈ ਸਖ਼ਸੀਅਤ ਨਹੀਂ, ਅਤੇ ਨਾ ਹੀ ਤੁਸੀਂ ਬਹੁਤ ਜ਼ਿਆਦਾ ਤਰਕ ਸੰਗਤ ਹੀ ਹੋ। ਤੁਸੀਂ ਗੱਲ ਬਹੁਤੀ ਵਧਾ ਚੜ੍ਹਾ ਕੇ ਪੇਸ਼ ਕਰਨ ਦੇ ਆਦੀ ਤਾਂ ਨਹੀਂ, ਪਰ ਤੁਸੀਂ ਹਰ ਗੱਲ ਸੰਤੁਲਿਤ ਅਨੁਪਾਤ ਵਿੱਚ ਵੀ ਨਹੀਂ ਕਰਦੇ। ਤੁਸੀਂ ਦੁਨੀਆਂ ਦੇ ਸਭ ਤੋਂ ਵੱਡੇ ਬਾਗ਼ੀ ਨਹੀਂ, ਪਰ ਜਦੋਂ ਤੁਹਾਨੂੰ ਕੋਈ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਤੁਸੀਂ ਕੀ ਨਹੀਂ ਕਰ ਸਕਦੇ ਤਾਂ ਤੁਸੀਂ ਸੋਚਦੇ ਹੋ, ”ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।” ਦੂਸਰੇ ਸ਼ਬਦਾਂ ਵਿੱਚ, ਤੁਸੀਂ ਇੱਕ ਮਨੁੱਖ ਹੋ। ਤੁਹਾਡੀਆਂ ਆਪਣੀਆਂ ਊਣਤਾਈਆਂ ਅਤੇ ਔਗੁਣ ਹਨ ਠੀਕ ਉਸੇ ਤਰ੍ਹਾਂ ਜਿਵੇਂ ਤੁਹਾਡੀਆਂ ਆਪਣੀਆਂ ਵੱਖਰੀਆਂ ਯੋਗਤਾਵਾਂ ਅਤੇ ਵਿਸ਼ੇਸ਼ਤਾਈਆਂ ਹਨ। ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਬੇਸ਼ੱਕ ਤੁਸੀਂ ਸਰਵ ਗੁਣ ਸੰਪੂਰਨ ਨਹੀਂ, ਪਰ ਤੁਹਾਡੇ ਕੋਲ ਦੁਖੀ ਹੋਣ ਦਾ ਕੋਈ ਕਾਰਨ ਨਹੀਂ ਅਤੇ ਸਫ਼ਲਤਾ ਦੀ ਤਮੰਨਾ ਰੱਖਣ ਦਾ ਹਰ ਹੱਕ ਹੈ।
ਕੁਝ ਚੀਜ਼ਾਂ ਪ੍ਰਤੱਖ ਹੁੰਦੀਆਂ ਹਨ: ਤੁਹਾਨੂੰ ਉਨ੍ਹਾਂ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਪੈਂਦੀ। ਦੂਸਰੀਆਂ ਬਹੁਤ ਜ਼ਿਆਦਾ ਪੇਚੀਦਾ: ਤੁਸੀਂ ਆਸਾਨੀ ਨਾਲ ਉਨ੍ਹਾਂ ਦਾ ਅਸਲੀ ਮਤਲਬ ਸਮਝਣ ਤੋਂ ਖੁੰਝ ਸਕਦੇ ਹੋ। ਸਾਨੂੰ ਸਭ ਨੂੰ ਇਸ ਚੀਜ਼ ਦਾ ਪਤੈ। ਗੱਲ ਸਿਰਫ਼ ਇੰਨੀ ਹੈ ਕਿ ਅਸੀਂ ਹਰ ਵਾਰ ਇਨ੍ਹਾਂ ਦਰਮਿਆਨ ਫ਼ਰਕ ਨਹੀਂ ਦੱਸ ਸਕਦੇ। ਅਸੀਂ ਕਿਸੇ ਸਰਸਰੀ ਜਿਹੀ ਗੱਲ ਵਿੱਚ ਛੁਪੀ ਹੋਈ ਡੁੰਘਾਈ ਨੂੰ ਲੱਭਣ ਵਿੱਚ ਬਹੁਤ ਜ਼ਿਆਦਾ ਸਮਾਂ ਬਰਬਾਦ ਕਰਦੇ ਹਾਂ, ਜਾਂ ਫ਼ਿਰ ਅਸੀਂ ਕਿਸੇ ਅਜਿਹੇ ਮਹੱਤਵਪੂਰਨ ਖ਼ਿਆਲ ਨੂੰ ਅਸੰਗਤ ਕਹਿ ਕੇ ਦਰਕਿਨਾਰ ਕਰ ਦਿੰਦੇ ਹਾਂ ਜਿਹੜਾ ਕਿਤੇ ਵੱਧ ਗੰਭੀਰ ਸੋਚ-ਵਿਚਾਰ ਦਾ ਅਧਿਕਾਰੀ ਹੁੰਦਾ ਹੈ। ਆਪਣੀ ਜ਼ਿੰਦਗੀ ਦੇ ਹਰ ਗ਼ੁਜ਼ਰਦੇ ਦਿਨ ਨਾਲ ਤੁਹਾਨੂੰ ਇਹ ਸ਼ੱਕ ਹੋ ਰਿਹੈ ਕਿ ਕੁਝ ਕਹਾਣੀਆਂ, ਜਿੰਨਾ ਤੁਹਾਨੂੰ ਦਿਖਾਈ ਦੇ ਰਿਹੈ, ਉਹ ਉਸ ਤੋਂ ਕਿਤੇ ਵੱਧ ਡੂੰਘੇ ਮਾਇਨੇ ਰੱਖਦੀਆਂ ਹਨ। ਆਪਣੇ ਇਸ ਸੰਸੇ ‘ਤੇ ਯਕੀਨ ਕਰ ਕੇ ਸਮਝਦਾਰ ਸਵਾਲ ਕਰਦੇ ਰਹੋ, ਤੁਹਾਨੂੰ ਮਦਦਗ਼ਾਰ ਜਵਾਬ ਜ਼ਰੂਰ ਮਿਲਣਗੇ।
ਜਦੋਂ ਦੋ ਲੋਕ ਇੱਕ ਜ਼ੁਬਾਨ ਬੋਲਦੇ ਹੋਣ ਤਾਂ ਉਨ੍ਹਾਂ ਲਈ ਇਹ ਭਰਮ ਪਾਲ ਲੈਣਾ ਬਹੁਤ ਸੌਖਾ ਹੈ ਕਿ ਉਨ੍ਹਾਂ ਲਈ ਇੱਕ ਦੂਸਰੇ ਨੂੰ ਸਮਝਣਾ ਸੁਭਾਵਿਕ ਹੈ। ਸ਼ਬਦ ਬਹੁਤ ਗ਼ੁਮਰਾਹਕੁੰਨ ਅਤੇ ਭੁਲੇਖਾ ਪਾਊ ਹੋ ਸਕਦੇ ਹਨ। ਅਕਸਰ, ਅਸੀਂ ਸੁਣਦੇ ਤਾਂ ਹਾਂ, ਪਰ ਇੱਕ ਦੂਸਰੇ ਨੂੰ ਅਸੀਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਸੁਣਦੇ। ਅਸੀਂ ਆਪਣੇ ਦਿਮਗ਼ ਵਿੱਚ ਇੱਕ ਉਮੀਦ ਬਣਾ ਲੈਂਦੇ ਹਾਂ। ਅਸੀਂ ਕਲਪਨਾ ਕਰ ਲੈਂਦੇ ਹਾਂ ਕਿ ਸਾਨੂੰ ਪਤੈ ਕਿ ਦੂਸਰਾ ਸਾਨੂੰ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹੈ। ਸੋ, ਜਦੋਂ ਉਹ ਬੋਲਦੇ ਹਨ ਅਤੇ ਅਸੀਂ ਜੋ ਸੁਣ ਰਹੇ ਹੁੰਦੇ ਹਾਂ, ਅਸੀਂ ਉਸ ਨੂੰ ਉਸ ਤਸਵੀਰ ਵਿੱਚ ਫ਼ਿੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਇਸ ਬੇਲੋੜੀ, ਭੁਲੇਖਾ ਪਾਊਣ ਵਾਲੀ, ਸੰਭਾਵਨਾ ਲਈ ਆਪਣੀਆਂ ਅੱਖਾਂ (ਤੇ ਆਪਣੇ ਕੰਨ) ਖੁਲ੍ਹੇ ਰੱਖਿਓ, ਅਤੇ ਤੁਸੀਂ ਕਿਸੇ ਸ਼ਾਨਦਾਰ ਘਟਨਾ ਨੂੰ ਸਰਅੰਜਾਮ ਦੇ ਸਕੋਗੇ।
ਕਦੇ ਨਾ ਨਕਾਰਿਆ ਜਾ ਸਕਣ ਵਾਲਾ ਇੱਕ ਤੱਥ ਹੈ। ਉਹ ਇਹ ਕਿ ਅਸੀਂ ਚੁਪ ਚੁਪੀਤੇ, ਬਿਨਾ ਕੁਝ ਕਹੇ, ਇੱਕ ਦੂਜੇ ਨਾਲ ਅਣਕਹੇ ਸਮਝੌਤੇ ਕਰ ਲੈਂਦੇ ਹਾਂ। ਅਸੀਂ ਸਾਰੇ, ਸਮੂਹਿਕ ਤੌਰ ‘ਤੇ, ਇਸ ਬਾਰੇ ਇੱਕ ਖ਼ਾਸ ਤਰ੍ਹਾਂ ਦੀ ਸੋਚ ਰੱਖਦੇ ਹਾਂ ਕਿ ਇਹ ਸੰਸਾਰ ਕਿਵੇਂ ਚਲਦਾ ਹੈ। ਜਿਹੜੇ ਲੋਕਾਂ ਦੇ ਵਿਚਾਰ ਸਾਡੇ ਵਿਚਾਰਾਂ ਨਾਲ ਮੇਲ ਖਾਂਦੇ ਹਨ, ਉਹ ਸਾਡਾ ਸਮਰਥਨ ਅਤੇ ਸਾਡੀ ਸਹਿਮਤੀ ਹਾਸਿਲ ਕਰ ਲੈਂਦੇ ਹਨ। ਅਸੀਂ ਉਨ੍ਹਾਂ ਲੋਕਾਂ ਪ੍ਰਤੀ ਹਮੇਸ਼ਾ ਸ਼ੱਕੀ ਰਹਿੰਦੇ ਹਾਂ ਜਿਹੜੇ ਸੋਚਦੇ ਹਨ ਕਿ ਜ਼ਿੰਦਗੀ ਦੇ ਕੁਝ ਕਾਨੂੰਨਾਂ ਨੂੰ ਅਣਗੌਲਿਆ ਕੀਤਾ ਜਾ ਸਕਦਾ ਹੈ। ਫ਼ਿਰ ਵੀ, ਕਦੇ ਕਦੇ, ਇਹ ਬ੍ਰਹਿਮੰਡ ਸਾਜ਼ਿਸ ਰਚ ਕੇ ਸਾਡੀ ਸਮਝ ਅਤੇ ਸੋਚ ਨੂੰ ਵਿਸ਼ਾਲ ਕਰ ਦਿੰਦਾ ਹੈ। ਨਵੀਆਂ ਸੰਭਾਵਨਾਵਾਂ ਨੂੰ ਸਵੀਕਾਰਨ ਲਈ ਤਿਆਰ ਰਹੋ, ਤੁਹਾਨੂੰ ਇਸ ਦਾ ਭਰਪੂਰ ਫ਼ਾਇਦਾ ਮਿਲੇਗਾ!
”ਜੇਕਰ ਇਸ ਸੰਸਾਰ ਦਾ ਕੋਈ ਅਰਥ ਨਾ ਹੁੰਦਾ ਤਾਂ ਸਾਨੂੰ ਕਦੇ ਵੀ ਇਹ ਪਤਾ ਨਹੀਂ ਸੀ ਲੱਗਣਾ ਕਿ ਇਸ ਦਾ ਕੋਈ ਅਰਥ ਨਹੀਂ। ਠੀਕ ਉਂਝ ਹੀ ਜਿਵੇਂ ਜੇ ਇਸ ਸੰਸਾਰ ਵਿੱਚ ਰੌਸ਼ਨੀ ਨਾ ਹੁੰਦੀ ਅਤੇ ਇੱਥੇ ਰਹਿਣ ਵਾਲੇ ਪ੍ਰਾਣੀਆਂ ਕੋਲ ਅੱਖਾਂ ਨਾ ਹੁੰਦੀਆਂ ਤਾਂ ਉਨ੍ਹਾਂ ਨੂੰ ਕਦੇ ਵੀ ਇਹ ਨਹੀਂ ਸੀ ਪਤਾ ਚਲਣਾ ਕਿ ਇੱਥੇ ਹਨੇਰਾ ਹੈ। ਹਨੇਰਾ ਅਰਥਹੀਣ ਹੋ ਜਾਣਾ ਸੀ।” ਸੀ. ਐੱਸ. ਲੁਈਸ ਵਲੋਂ ਲਿਖਿਆ ਗਿਆ ਇਹ ਕਥਨ ਕਾਫ਼ੀ ਸੋਚ-ਵਿਚਾਰ ਦੀ ਮੰਗ ਕਰਦੈ। ਇਸ ਨੂੰ ਸਮਝਣ ਵਿੱਚ ਮੈਨੂੰ ਹਮੇਸ਼ਾ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਪਰ, ਫ਼ਿਰ, ਤੁਹਾਡੀਆਂ ਤਾਂ ਕਿਆ ਬਾਤਾਂ। ਤੁਹਾਨੂੰ ਦਿਮਾਗ਼ੀ ਕਸਰਤ ਬਹੁਤ ਪਸੰਦ ਹੈ। ਤੁਸੀਂ ਅਜਿਹੀਆਂ ਆਰਜ਼ੂਆਂ ਪਾਲਣਾ ਪਸੰਦ ਕਰਦੇ ਹੋ ਜਿਨ੍ਹਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੋਵੇ। ਜੇਕਰ ਤੁਸੀਂ ਕਿਸੇ ਨਾਕਾਰਾਤਮਕ ਧਾਰਣਾ ਤੋਂ ਉੱਪਰ ਉੱਠ ਸਕੋ ਤਾਂ ਸਾਕਾਰਾਤਮਕ ਪ੍ਰਾਪਤੀ ਹਾਸਿਲ ਹੋ ਸਕਦੀ ਹੈ।