ਨਵਾਜ਼ਉੱਦੀਨ ਸਿੱਦੀਕੀ ਆਪਣੀ ਅਗਲੀ ਫ਼ਿਲਮ ਫ਼ੋਟੋਗ੍ਰਾਫ਼ਰ ‘ਚ ਸਾਨਿਆ ਮਲਹੋਤਰਾ ਨਾਲ ਅਹਿਮ ਰੋਲ ਕਰੇਗਾ। ਨਵਾਜ਼ ਅਨੁਸਾਰ ਸਾਨਿਆ ਇੱਕ ਕਾਬਲ ਅਦਾਕਾਰਾ ਹੈ ਜੋ ਖ਼ੁਦ ਨੂੰ ਹਰ ਕਿਰਦਾਰ ‘ਚ ਬਾਖ਼ੂਬੀ ਢਾਲ ਲੈਂਦੀ ਹੈ …
ਬੌਲੀਵੁਡ ਇੰਡਸਟਰੀ ‘ਚ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਨਵਾਜ਼ਉੱਦੀਨ ਸਿੱਦੀਕੀ ਸਾਨਿਆ ਮਲਹੋਤਰਾ ਨੂੰ ਇੱਕ ਚੰਗੀ ਅਦਾਕਾਰਾ ਮੰਨਦਾ ਹੈ। ਨਵਾਜ਼ ਦੀ ਇਸ ਸਾਲ ਫ਼ਿਲਮ ਠਾਕਰੇ ਰਿਲੀਜ਼ ਹੋਈ ਸੀ ਜਿਸ ‘ਚ ਉਸ ਦੇ ਅਭਿਨੈ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹੁਣ ਨਵਾਜ਼ਉੱਦੀਨ ਜਲਦ ਹੀ ਫ਼ਿਲਮ ਫ਼ੋਟੋਗ੍ਰਾਫ਼ਰ ‘ਚ ਨਜ਼ਰ ਆਉਣ ਵਾਲਾ ਹੈ।
ਇਸ ਫ਼ਿਲਮ ‘ਚ ਉਸ ਨਾਲ ਸਾਨਿਆ ਮਲਹੋਤਰਾ ਵੀ ਨਜ਼ਰ ਆਏਗੀ। ਨਵਾਜ਼ ਤੋਂ ਜਦ ਸਾਨਿਆ ਦੇ ਕੰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਾਨਿਆ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਕੀਤੀ। ਨਵਾਜ਼ ਨੇ ਕਿਹਾ ਕਿ ਸਾਨਿਆ ਇੱਕ ਬਹੁਤ ਵਧੀਆ ਅਦਾਕਾਰਾ ਹੈ। ਇਸ ਤੋਂ ਇਲਾਵਾ ਉਹ ਕਾਫ਼ੀ ਸਿਆਣੀ ਅਤੇ ਸਹਿਜ ਸੁਭਾਅ ਵਾਲੀ ਅਭਿਨੇਤਰੀ ਹੈ। ਨਵਾਜ਼ ਨੇ ਕਿਹਾ ਕਿ ਅਜਿਹੀ ਅਭਿਨੇਤਰੀ ਉਸ ਨੇ ਅੱਜ ਤਕ ਨਹੀਂ ਦੇਖੀ। ਉਸ ਨੇ ਜਦੋਂ ਸਾਨਿਆ ਦੀ ਪਹਿਲੀ ਫ਼ਿਲਮ ਦੰਗਲ ਦੇਖੀ ਸੀ ਤਾਂ ਓਦੋਂ ਉਸ ਨੂੰ ਵਿਸ਼ਵਾਸ ਸੀ ਕਿ ਉਹ ਜ਼ਰੂਰ ਚੰਗੀ ਅਭਿਨੇਤਰੀ ਬਣੇਗੀ।
ਫ਼ਿਲਮ ਫ਼ੋਟੋਗ੍ਰਾਫ਼ ਮੁੰਬਈ ‘ਚ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਕਰ ਰਹੇ ਇੱਕ ਫ਼ੋਟੋਗ੍ਰਾਫ਼ਰ ਦੀ ਕਹਾਣੀ ਹੈ। ਇਸ ‘ਚ ਫ਼ੋਟੋਗ੍ਰਾਫ਼ਰ ਆਪਣੀ ਦਾਦੀ ਦੇ ਦਬਾਅ ਹੇਠ ਆ ਕੇ ਇੱਕ ਅਜਨਬੀ ਕੁੜੀ ਨਾਲ ਵਿਆਹ ਕਰ ਲੈਂਦਾ ਹੈ। ਉਸ ਤੋਂ ਬਾਅਦ ਉਸ ਦੇ ਰਿਸ਼ਤੇ ਨੂੰ ਲੈ ਕੇ ਅਤੇ ਕਈ ਹੋਰ ਪੱਖਾਂ ਨੂੰ ਲੈ ਕੇ ਇਸ ਫ਼ਿਲਮ ਦੀ ਕਹਾਣੀ ਅੱਗੇ ਵਧਦੀ ਵਿਖਾਈ ਜਾਵੇਗੀ।
ਇਸ ਫ਼ਿਲਮ ਨੂੰ ਬਰਲਿਨ ਫ਼ਿਲਮ ਫ਼ੈਸਟੀਵਲ ‘ਚ ਵੀ ਦਿਖਾਇਆ ਗਿਆ ਸੀ ਜਿੱਥੇ ਇਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਨਵਾਜ਼ ਬੋਲੇ ਚੂੜੀਆਂ ਫ਼ਿਲਮ ਵਿੱਚ ਸੋਨਾਕਸ਼ੀ ਸਿਨਹਾ ਨਾਲ ਵੀ ਕੰਮ ਕਰ ਰਿਹਾ ਹੈ। ਇਸ ਫ਼ਿਲਮ ਨਾਲ ਨਵਾਜ਼ਉੱਦੀਨ ਦਾ ਭਰਾ ਨਿਰਦੇਸ਼ਨ ਦੀ ਦੁਨੀਆ ‘ਚ ਕਦਮ ਰੱਖੇਗਾ।