ਕਰਾਚੀ – ਪਾਕਿਸਤਾਨ ਸਰਕਾਰ ਵਲੋਂ IPL ਦੇ ਪ੍ਰਸਾਰਣ ਉੱਤੇ ਰੋਕ ਲਗਾਏ ਜਾਣ ਬਾਅਦ ਪਾਕਿਸਤਾਨੀ ਕ੍ਰਿਕੇਟ ਪ੍ਰੇਮੀ ਇਸ T-20 ਲੀਗ ਦੇ ਮੈਚਾਂ ਨੂੰ ਦੇਖਣ ਦੇ ਵਿਕਲਪ ਸੋਸ਼ਲ ਮੀਡੀਆ ਉੱਤੇ ਲਭ ਰਹੇ ਹਨ। ਪਾਕਿਸਤਾਨੀ ਖਿਡਾਰੀਆਂ ਨੂੰ 2008 ਵਿੱਚ ਪਹਿਲੇ ਸੈਸ਼ਨ ਬਾਅਦ ਤੋਂ IPL ਖੇਡਣ ਲਈ ਨਹੀਂ ਬੁਲਾਇਆ ਗਿਆ, ਪ੍ਰੰਤੂ ਉੱਥੇ ਇਹ ਲੀਗ ਕਾਫ਼ੀ ਹਰਮਨ ਪਿਆਰੀ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ਬਾਅਦ ਦੋਹੇਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਨਾਅ ਕਾਰਨ ਪਹਿਲਾਂ ਭਾਰਤ ਨੇ ਪਾਕਿਸਤਾਨ ਪ੍ਰੀਮੀਅਰ ਲੀਗ ਦੇ ਮੈਚਾਂ ਦੇ ਭਾਰਤ ਵਿੱਚ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ ਦੇਸ਼ ਵਿੱਚ TV ਉੱਤੇ ਭਾਰਤੀ ਪ੍ਰੋਗਰਾਮਾਂ ਦੇ ਪ੍ਰਸਾਰਣ ਅਤੇ ਸਿਨੇਮਾਘਰਾਂ ਵਿੱਚ ਭਾਰਤੀ ਫ਼ਿਲਮਾਂ ਦੇ ਪ੍ਰਦਰਸ਼ਨ ਉੱਤੇ ਰੋਕ ਲਗਾ ਦਿੱਤੀ ਹੈ।
ਭਾਰਤ ਵਲੋਂ ਪਾਕਿਸਤਾਨ ਸੁਪਰ ਲੀਗ (PSL) ਦੇ ਸਿੱਧੇ ਪ੍ਰਸਾਰਣ ਉੱਤੇ ਪਾਬੰਦੀ ਲਗਾਏ ਜਾਣ ਦੇ ਇੱਕ ਮਹੀਨੇ ਬਾਅਦ ਪਾਕਿਸਤਾਨ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਸਾਰਣ ਨੂੰ ਬੈਨ ਕੀਤਾ ਹੈ। ਪਾਕਿਸਤਾਨ ਦੇ ਸੂਚਨਾ ਪ੍ਰਸਾਰਣ ਮੰਤਰੀ ਫ਼ਵਾਦ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਇਹ ਫ਼ੈਸਲਾ ਭਾਰਤ ਵਿੱਚ PSL ਦੇ ਆਧਿਕਾਰਤ ਪ੍ਰਸਾਰਕ D ਸਪੋਰਟਸ ਵਲੋਂ ਪੁਲਵਾਮਾ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਟੂਰਨਾਮੈਂਟ ਦਾ ਪ੍ਰਸਾਰਣ ਰੋਕੇ ਜਾਣ ਦੇ ਇੱਕ ਮਹੀਨੇ ਬਾਅਦ ਲਿਆ ਗਿਆ ਹੈ।
ਭਾਰਤੀ ਕੰਪਨੀ IMG ਰਿਲਾਇੰਸ ਨੇ ਵੀ PAL ਦੀ ਵਿਸ਼ਵ ਵਿਆਪੀ TV ਕਵਰੇਜ ਸਬੰਧੀ ਕਰਾਰ ਤੋੜ ਦਿੱਤਾ ਸੀ ਜਿਸ ਨਾਲ ਲੀਗ ਨੂੰ ਟੂਰਨਾਮੈਂਟ ਵਿੱਚ ਨਵੀਂ ਪ੍ਰੋਡਕਸ਼ਨ ਕੰਪਨੀ ਨਾਲ ਕਰਾਰ ਕਰਨਾ ਪਿਆ। ਚੌਧਰੀ ਨੇ ARY ਨਿਊਜ਼ ਨੂੰ ਕਿਹਾ ਸੀ PSL ਦੌਰਾਨ ਜਿਸ ਤਰ੍ਹਾਂ ਭਾਰਤੀ ਕੰਪਨੀਆਂ ਅਤੇ ਸਰਕਾਰ ਨੇ ਪਾਕਿਸਤਾਨ ਕ੍ਰਿਕੇਟ ਨਾਲ ਸਲੂਕ ਕੀਤਾ, ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਇੱਥੇ IPL ਦਿਖਾਇਆ ਜਾਵੇ।
ਉਨ੍ਹਾਂ ਨੇ ਭਾਰਤੀ ਟੀਮ ਉੱਤੇ ਵੀ ਕ੍ਰਿਕਟ ਦੇ ਰਾਜਨੀਤੀਕਰਨ ਦਾ ਦੋਸ਼ ਲਗਾਇਆ।
ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ICC ਨੂੰ ਅਪੀਲ ਕੀਤੀ ਸੀ ਕਿ ਆਸਟਰੇਲੀਆ ਖ਼ਿਲਾਫ਼ ਵਨ ਡੇ ਸੀਰੀਜ਼ ਦੌਰਾਨ ਫ਼ੌਜ ਦੀ ਵਿਸ਼ੇਸ਼ ਕੈਪ ਪਹਿਨਣ ਵਾਲੇ ਖਿਡਾਰੀਆਂ ਉੱਤੇ ਕਾਰਵਾਈ ਕੀਤੀ ਜਾਵੇ। ਹਾਲਾਂਕਿ ICC ਨੇ ਕਿਹਾ ਕਿ ਇਸ ਦੀ ਪਹਿਲਾਂ ਤੋਂ ਮਨਜ਼ੂਰੀ ਲਈ ਗਈ ਸੀ।
ਚੌਧਰੀ ਨੇ ਕਿਹਾ ਸੀ, ”ਅਸੀਂ ਸਿਆਸਤ ਅਤੇ ਕ੍ਰਿਕਟ ਨੂੰ ਅਲੱਗ ਰੱਖਦੇ ਹਾਂ ਪ੍ਰੰਤੂ ਭਾਰਤੀ ਟੀਮ ਨੇ ਜਦੋਂ ਆਸਟਰੇਲੀਆ ਖ਼ਿਲਾਫ਼ ਫ਼ੌਜੀਆਂ ਵਾਲੀ ਕੈਪ ਪਹਿਨ ਕੇ ਖੇਡੀ ਤਾਂ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ IPL ਜੇਕਰ ਪਾਕਿਸਤਾਨ ਵਿੱਚ ਨਹੀਂ ਦਿਖਾਇਆ ਗਿਆ ਤਾਂ ਭਾਰਤੀ ਕ੍ਰਿਕਟ ਅਤੇ IPL ਨੂੰ ਨੁਕਸਾਨ ਹੋਵੇਗਾ। ਅਸੀਂ ਵੀ ਕੌਮਾਂਤਰੀ ਕ੍ਰਿਕਟ ‘ਚ ਇੱਕ ਮਹਾਂਸ਼ਕਤੀ ਹਾਂ।”