ਨਵੀਂ ਦਿੱਲੀ – ਇੰਡਿਅਨ ਪ੍ਰੀਮਿਅਰ ਲੀਗ ਦੇ ਚੇਅਰਮੈਨ ਰਾਜੀਵ ਸ਼ੁਕਲਾ ਨੇ ਦਾਅਵਾ ਕੀਤਾ ਕਿ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਸਮੇਤ IPL ਕਪਤਾਨਾਂ ਨੇ ਇੱਕ ਬੈਠਕ ‘ਚ ਇਹ ਤੈਅ ਕੀਤਾ ਸੀ ਕਿ ਲੀਗ ‘ਚ ਕਿਸੇ ਬੱਲੇਬਾਜ਼ ਨੂੰ ਮੈਨਕਾਡਿੰਗ ਨਹੀਂ ਕੀਤਾ ਜਾਵੇਗਾ। ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਏ ਇੱਕ ਮੈਚ ਵਿੱਚ ਰਾਜਸਥਾਨ ਰੌਇਲਜ਼ ਦੇ ਜੋਜ਼ ਬਟਲਰ ਨੂੰ ਮੈਨਕਾਡਿੰਗ ਕਰ ਕੇ ਵਿਵਾਦ ਨੂੰ ਜਨਮ ਦਿੱਤਾ।
ਸ਼ੁਕਲਾ ਨੇ ਕਿਹਾ ਕਿ ਕਪਤਾਨਾਂ ਅਤੇ ਮੈਚ ਰੈਫ਼ਰੀਆਂ ਦੀ ਬੈਠਕ ‘ਚ ਇਹ ਤੈਅ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਨਾਲ ਕਿਸੇ ਬੱਲੇਬਾਜ਼ ਨੂੰ ਆਊਟ ਨਹੀਂ ਕੀਤਾ ਜਾਵੇਗਾ। ”ਉਸ ਬੈਠਕ ‘ਚ ਰੌਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਮੌਜੂਦ ਸਨ,” IPL ਚੇਅਰਮੈਨ ਨੇ ਟਵੀਟ ਕੀਤਾ। ”ਜਿੱਥੋਂ ਤਕ ਮੈਨੂੰ ਯਾਦ ਹੈ ਉਹ ਕਪਤਾਨਾਂ ਅਤੇ ਮੈਚ ਰੈਫ਼ਰੀਜ਼ ਦੀ ਬੈਠਕ ਸੀ ਅਤੇ ਬਤੌਰ ਚੇਅਰਮੈਨ ਮੈਂ ਵੀ ਮੌਜੂਦ ਸੀ। ਇਸ ‘ਚ ਤੈਅ ਕੀਤਾ ਗਿਆ ਸੀ ਕਿ ਜੇਕਰ ਦੂੱਜੇ (ਨੌਨ ਸਟ੍ਰਾਈਕਰ ਵਾਲੇ) ਪਾਸੇ ਖੜ੍ਹਾ ਬੱਲੇਬਾਜ਼ ਆਪਣੀ ਕ੍ਰੀਜ਼ ‘ਚੋਂ ਬਾਹਰ ਨਿਕਲ ਵੀ ਆਉਂਦਾ ਹੈ ਤਾਂ ਵੀ ਗੇਂਦਬਾਜ਼ ਉਸ ਨੂੰ ਰਨ ਆਊਟ ਨਹੀਂ ਕਰੇਗਾ।”
ਉਨ੍ਹਾਂ ਨੇ ਕਿਹਾ, ”ਸ਼ਾਇਦ ਉਹ ਬੈਠਕ ਕੋਲਕਾਤਾ ‘ਚ IPL ਦੇ ਕਿਸੇ ਸਤਰ ਤੋਂ ਪਹਿਲਾਂ ਹੋਈ ਸੀ। ਉਸ ‘ਚ ਧੋਨੀ ਤੇ ਵਿਰਾਟ ਦੋਨੋਂ ਮੌਜੂਦ ਸਨ।”