ਜੈਪੁਰ – ਸਵਾਈ ਮਾਨ ਸਿੰਘ ਸਟੇਡੀਅਮ ‘ਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰੌਇਲਜ਼ ਵਿਚਾਲੇ ਖੇਡੇ ਗਏ ਮੈਚ ਦੌਰਾਨ ਅਸ਼ਵਿਨ ਦਾ ਬਟਲਰ ਦਾ ਰਨ ਆਊਟ ਕਰਨਾ ਵਿਵਾਦਾਂ ‘ਚ ਰਿਹਾ। ਉਸ ਸਮੇਂ ਰਨ ਆਊਟ ‘ਤੇ ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ ਨਾਰਾਜ਼ ਦਿਖੇ। ਇਸ ਦੌਰਾਨ ਮੈਚ ਖ਼ਤਮ ਹੋਣ ਤੋਂ ਬਾਅਦ ਅਸ਼ਵਿਨ ਨੇ ਇਸ ‘ਤੇ ਵੱਖਰੀ ਹੀ ਪ੍ਰਤੀਕ੍ਰਿਆ ਦਿੱਤੀ। ਅਸ਼ਵਿਨ ਨੇ ਕਿਹਾ ਕਿ ਅਸਲ ‘ਚ ਉਸ ਘਟਨਾ ਲਈ ਉਸ ਕੋਲ ਕੋਈ ਤਰਕ ਨਹੀਂ ਹੈ ਅਤੇ ਇਹ ਉਸ ਵਲੋਂ ਬਹੁਤ ਹੀ ਸੁਭਾਵਕ ਕੀਤੀ ਗਈ ਇੱਕ ਮਾਸੂਮਾਨਾ ਕਾਰਵਾਈ ਸੀ। ਮੈਂ ਗੇਂਦਬਾਜ਼ੀ ਕਰਵਾਉਣ ਦੇ ਸਮੇਂ ਐਕਸ਼ਨ ‘ਚ ਨਹੀਂ ਆਇਆ ਸੀ ਕਿ ਉਸ ਨੇ (ਬਟਲਰ) ਕ੍ਰੀਜ਼ ਛੱਡ ਦਿੱਤੀ। ਜਿੱਥੇ ਤਕ ਰਨ ਆਊਟ ਦੀ ਗੱਲ ਹੈ ਤਾਂ ਇਹ ਹਮੇਸ਼ਾ ਮੇਰਾ ਕੰਮ ਰਿਹਾ ਹੈ। ਅੱਧੀ ਕ੍ਰੀਜ਼ ਮੇਰੇ ਕੋਲ ਸੀ। ਮੈਂ ਅਜੇ ਕ੍ਰੀਜ਼ ‘ਤੇ ਵੀ ਨਹੀਂ ਸੀ ਅਤੇ ਉਹ (ਬਟਲਰ) ਮੈਨੂੰ ਬਿਨ੍ਹਾਂ ਦੇਖੇ ਕ੍ਰੀਜ਼ ਛੱਡ ਗਿਆ, ਪਰ ਮੈਂ ਨਿਸ਼ਚਿਤ ਰੂਪ ਨਾਲ ਸੋਚਦਾ ਹਾਂ ਕਿ ਉਹ ਖੇਡ ਬਦਲਣ ਵਾਲਾ ਪਲ ਸੀ।
ਅਸ਼ਵਿਨ ਦੇ ਇਸ ਦੌਰਾਨ ਧੀਮੀ ਪਿੱਚ ‘ਤੇ ਆਪਣੀ ਗੱਲ ਕਰਦਿਆਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਛੇ ਓਵਰਾਂ ਤੋਂ ਬਾਅਦ ਇਹ ਪਿੱਚ ਧੀਮੀ ਹੋ ਜਾਂਦੀ ਹੈ ਅਤੇ ਗੇਂਦਬਾਜ਼ਾਂ ਦੇ ਲਈ ਧੋੜਾ ਮੁਸ਼ਕਿਲ ਹੁੰਦਾ ਹੈ। ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ, ਜਿਨ੍ਹਾਂ ਨੇ ਵਧੀਆ ਗੇਂਦਬਾਜ਼ੀ ਕੀਤੀ। ਮੈਂ ਆਪਣੀ ਗੇਂਦਬਾਜ਼ੀ ‘ਚ ਬਦਲਾਅ ‘ਤੇ ਕੰਮ ਕਰ ਰਿਹਾ ਹਾਂ, ਇਸ ਲਈ ਮੈਂ ਬਹੁਤ ਖ਼ੁਸ਼ ਹਾਂ ਕਿ ਸਾਨੂੰ ਜਿੱਤ ਹਾਸਿਲ ਹੋਈ। ਅਸ਼ਵਿਨ ਨੇ ਕਿਹਾ ਕਿ ਸ਼ਮੀ ਦੀ ਵਧੀਆ ਫ਼ੌਰਮ ਅਤੇ ਅੰਕਿਤ ਦੀ ਗੇਂਦਬਾਜ਼ੀ ਨੇ ਸਾਨੂੰ ਖੇਡ ‘ਚ ਵਾਪਸੀ ਕਰਵਾਉਣ ਦੀ ਤਾਕਤ ਦਿੱਤੀ। ਸੈਮ ਲਈ ਗੇਂਦਬਾਜ਼ੀ ‘ਚ ਇਹ ਬੁਰਾ ਦਿਨ ਸੀ, ਪਰ ਸਾਨੂੰ ਉਮੀਦ ਹੈ ਕਿ ਉਹ ਜਲਦੀ ਵਾਪਸੀ ਕਰੇਗਾ।